ਆਦਿਵਾਸੀ ਲੋਕਾਂ ਦੇ ਮਾਲੀ ਵਸੀਲੇ ਖੋਹਣਾ ਅਤਿ ਨਿੰਦਣਯੋਗ : ਸਿਮਰਨਜੀਤ ਸਿੰਘ ਮਾਨ

ਆਦਿਵਾਸੀ ਲੋਕਾਂ ਦੇ ਮਾਲੀ ਵਸੀਲੇ ਖੋਹਣਾ ਅਤਿ ਨਿੰਦਣਯੋਗ : ਸਿਮਰਨਜੀਤ ਸਿੰਘ ਮਾਨ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਝਾਰਖੰਡ, ਆਸਾਮ, ਬਿਹਾਰ, ਛੱਤੀਸਗੜ੍ਹ ਵਰਗੇ ਸੂਬਿਆਂ ਦੇ ਆਦਿਵਾਸੀ ਵਰਗਾਂ ਨੂੰ ਭਾਰਤ ਸਰਕਾਰ ਵੱਲੋਂ ਅਤਿਵਾਦੀ ਜਾਂ ਨਕਸਲਾਈਟ ਗਰਦਾਨ ਕੇ ਗੋਲ਼ੀ ਦਾ ਨਿਸ਼ਾਨਾ ਬਣਾਉਣ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕੌਮਾਂਤਰੀ ਪੱਧਰ ਤੇ ਇਨ੍ਹਾਂ ਆਦਿਵਾਸੀ ਵਰਗਾਂ ਉੱਤੇ ਹੁੰਦੇ ਆ ਰਹੇ ਜੁਲਮ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਇਹ ਲੋਕ ਜੰਗਲਾਂ ਵਿਚ ਲੰਮੇ ਸਮੇਂ ਝੁੱਗੀ ਝੌਪੜੀਆਂ ਵਿਚ ਮਿਹਨਤ ਮਸ਼ੱਕਤ ਕਰ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਇਹ ਆਦਿਵਾਸੀ ਲੋਕ ਆਪਣੀ ਧਰਤੀ ਹੇਠ ਪਏ ਕੁਦਰਤੀ ਸਾਧਨਾਂ ਸੋਨਾ-ਚਾਂਦੀ, ਲੋਹਾ, ਕੋਲਾ, ਲੱਕੜ ਦੇ ਅਸਲ ਮਾਲਕ ਹਨ। ਇਨ੍ਹਾਂ ਕੁਦਰਤੀ ਸਾਧਨਾਂ ਉੱਤੇ ਹੀ ਇਨ੍ਹਾਂ ਆਦਿਵਾਸੀ ਵਰਗਾਂ ਦੀ ਮਾਲੀ ਹਾਲਤ ਨਿਰਭਰ ਕਰਦੀ ਹੈ। ਦੁੱਖ ਤੇ ਅਫ਼ਸੋਸ ਹੈ ਕਿ ਕੁੱਝ ਧਨਾਢ ਘਰਾਣੇ,  ਜਿਨ੍ਹਾਂ ਨੇ ਮੰਨੂਵਾਦੀ ਸੋਚ ਅਧੀਨ ਜਾਤ-ਪਾਤ ਤੇ ਊਚ-ਨੀਚ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜਨਮ ਦਿੱਤਾ ਹੈ, ਉਹ ਉਨ੍ਹਾਂ ਦੇ ਸਭ ਸਮਾਜਿਕ, ਮਾਲੀ ਹੱਕ ਤੇ ਸਾਧਨ ਖੋਹ ਕੇ ਉਨ੍ਹਾਂ ਨੂੰ ਆਪਣੇ ਸਦਾ ਲਈ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਜਦੋਂਕਿ ਇਹ ਆਦਿਵਾਸੀ ਵਰਗ ਆਪਣੇ ਕੁਦਰਤੀ ਮਾਲੀ ਸਾਧਨਾਂ ਦੀ ਬਦੌਲਤ ਮਾਲੀ ਤੇ ਸਮਾਜਿਕ ਤੌਰ ‘ਤੇ ਸਮਾਜ ਵਿਚ ਆਪਣੀ ਬਰਾਬਰੀ ਦੇ ਹੱਕ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ। ਧਨਾਢ ਉਦਯੋਗਪਤੀ ਲੋਕ ਉਪਰੋਕਤ ਆਦਿਵਾਸੀਆਂ ‘ਤੇ ਨਿਰੰਤਰ ਜ਼ਬਰ-ਜੁਲਮ ਹੀ ਨਹੀਂ ਕਰਦੇ ਆ ਰਹੇ ਬਲਕਿ ਉਨ੍ਹਾਂ ਦੇ ਧਰਤੀ ਹੇਠ ਪਏ ਖਜ਼ਾਨੇ ਨੂੰ ਲੁੱਟਣ ਤੇ ਉਨ੍ਹਾਂ ਦੀਆਂ ਔਰਤਾਂ ਨੂੰ ਆਪੋ-ਆਪਣੇ ਘਰਾਂ ਵਿਚ ਨੌਕਰਾਣੀਆਂ ਬਣਾ ਕੇ ਜਾਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਕੇ ਲੰਮੇ ਸਮੇਂ ਤੋਂ ਭਾਰੀ ਸਮਾਜਿਕ ਤੇ ਵਿਧਾਨਿਕ ਵਿਤਕਰੇ ਕਰਦੇ ਆ ਰਹੇ ਹਨ।