ਗੁਰਦੁਆਰਾ ਬਾਉਲੀ ਸਾਹਿਬ ਦੇ ਨਵ-ਨਿਰਮਾਣ ਦਾ ਕੰਮ ਆਰੰਭੇਗੀ ਸ਼੍ਰੋਮਣੀ ਕਮੇਟੀ

ਗੁਰਦੁਆਰਾ ਬਾਉਲੀ ਸਾਹਿਬ ਦੇ ਨਵ-ਨਿਰਮਾਣ ਦਾ ਕੰਮ ਆਰੰਭੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਗੁਰੂ ਨਾਨਕ ਦੇਵ ਜੀ ਦੀ ਉੜੀਸਾ ਯਾਤਰਾ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੀ ਨਵ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਗੁਰਦੁਆਰਾ ਪ੍ਰਸਿੱਧ ਹਿੰਦੂ ਧਰਮ ਅਸਥਾਨ ਜਗਨਨਾਥ ਪੁਰੀ ਮੰਦਿਰ ਨੇੜੇ ਸਰੋਵਰ ਕੰਢੇ ਬਣੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਰਾਜਿੰਦਰ ਸਿੰਘ ਮਹਿਤਾ ਤੇ ਸਕੱਤਰ ਡਾ. ਰੂਪ ਸਿੰਘ ‘ਤੇ ਆਧਾਰਤ ਵਫ਼ਦ ਜਗਨਨਾਥ ਪੁਰੀ ਗਿਆ ਸੀ, ਜਿਸ ਨੇ ਸਬੰਧਤ ਧਿਰਾਂ ਨਾਲ ਗੱਲਬਾਤ ਮਗਰੋਂ ਰਿਪੋਰਟ ਦਿੱਤੀ ਹੈ। ਉਨ•ਾਂ ਕਿਹਾ ਕਿ ਇਸ ਇਤਿਹਾਸਕ ਅਸਥਾਨ ਦੀ ਇਮਾਰਤ, ਲੰਗਰ ਘਰ ਅਤੇ ਸਰਾਂ ਬਣਾਈ ਜਾਵੇਗੀ, ਜਿੱਥੇ ਮੈਡੀਕਲ ਸਹੂਲਤਾਂ ਵੀ ਮੁਹੱਈਆ ਕੀਤੀਆਂ ਜਾਣਗੀਆਂ। ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਲਈ ਸਬ-ਕਮੇਟੀ ਵੀ ਬਣਾਈ ਗਈ ਹੈ। ਇਸ ਦੌਰੇ ਬਾਰੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਦੀ ਜਗ•ਾ ਪ੍ਰਾਪਤ ਕਰਨ ਲਈ ਜਗਨਨਾਥ ਪੁਰੀ ਟਰੱਸਟ ਦੇ ਚੇਅਰਮੈਨ ਸ੍ਰੀ ਗਜਪਤੀ ਜੀ ਮਹਾਰਾਜ, ਮੁੱਖ ਪ੍ਰਬੰਧਕ ਸੁਰੇਸ਼ ਕੁਮਾਰ ਮਹਾਂਮੰਤਰਾ ਅਤੇ ਜਗਨਨਾਥ ਪੁਰੀ ਦੇ ਡਿਪਟੀ ਕਮਿਸ਼ਨਰ ਅਰਵਿੰਦ ਅਗਰਵਾਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਮੌਜੂਦਾ ਗੁਰਦੁਆਰੇ ਦੇ ਦਰਸ਼ਨ ਕੀਤੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ•ਾਂ ਦੱਸਿਆ ਕਿ ਜਗਨਨਾਥ ਪੁਰੀ ਟਰੱਸਟ ਦੇ ਚੇਅਰਮੈਨ ਸ੍ਰੀ ਗਜਪਤੀ ਨੇ ਗੁਰਦੁਆਰੇ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਕਮੇਟੀ ਉਤੇ ਭਰੋਸਾ ਪ੍ਰਗਟ ਕੀਤਾ ਹੈ। ਇਸ ਸਬੰਧੀ ਜ਼ਮੀਨ ਵੀ ਸ਼੍ਰੋਮਣੀ ਕਮੇਟੀ ਨੂੰ ਹੀ ਸੌਂਪੀ ਜਾਵੇਗੀ।
ਮਿਲੇ ਵੇਰਵਿਆਂ ਅਨੁਸਾਰ ਗੁਰਦੁਆਰੇ ਦੀ ਉਸਾਰੀ ਦਾ ਮਾਮਲਾ 1978 ਤੋਂ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਸੀ। ਇਹ ਮਾਮਲਾ ਕਈ ਸਾਲ ਉੱਚ ਅਦਾਲਤ ਵਿੱਚ ਰਿਹਾ ਅਤੇ ਮਗਰੋਂ ਸੁਪਰੀਮ ਕੋਰਟ ਨੇ ਇਸ ਸਬੰਧੀ ਫੈਸਲਾ ਦਿੱਤਾ ਹੈ। ਫੈਸਲੇ ਤਹਿਤ ਇਹ ਜ਼ਮੀਨ ਜਗਨਨਾਥ ਪੁਰੀ ਮੰਦਿਰ ਦੀ ਦੱਸੀ ਹੈ ਅਤੇ ਮੰਦਿਰ ਟਰੱਸਟ ਵੱਲੋਂ ਹੀ ਅੱਗੇ ਇਹ ਜ਼ਮੀਨ ਸੌਂਪੀ ਜਾਵੇਗੀ।
ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਲਗਪਗ ਪੌਣਾ ਏਕੜ ਜ਼ਮੀਨ ਜਿਸ ‘ਤੇ ਹੁਣ ਕਈ ਥਾਵਾਂ ‘ਤੇ ਕਬਜ਼ੇ ਹੋ ਚੁੱਕੇ ਹਨ, ਨੂੰ ਖ਼ਾਲੀ ਕਰਾਇਆ ਜਾਵੇਗਾ। ਮੰਦਿਰ ਟਰੱਸਟ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਮੀਨ ਪਟੇ ਦੇ ਆਧਾਰ ‘ਤੇ ਦਿੱਤੀ ਜਾਵੇਗੀ।