ਛੱਤ ‘ਤੇ ਖ਼ੁਦ ਮੰਜਾ ਡਾਹ ਕੇ ਤੇ ਫਰਾਟਾ ਲਾ ਕੇ ਸੁੱਤੇ ਹਰਜੀਤ ਸਿੰਘ ਸੱਜਣ ਕਿਹਾ-ਕੈਨੇਡਾ ਦਾ ਮੰਤਰੀ ਹਾਂ ਪਰ ਪਿੰਡ ਦਾ ਤਾਂ ਸੱਜਣ ਹੀ ਹਾਂ,

ਛੱਤ ‘ਤੇ ਖ਼ੁਦ ਮੰਜਾ ਡਾਹ ਕੇ ਤੇ ਫਰਾਟਾ ਲਾ ਕੇ ਸੁੱਤੇ ਹਰਜੀਤ ਸਿੰਘ ਸੱਜਣ ਕਿਹਾ-ਕੈਨੇਡਾ ਦਾ ਮੰਤਰੀ ਹਾਂ ਪਰ ਪਿੰਡ ਦਾ ਤਾਂ ਸੱਜਣ ਹੀ ਹਾਂ,

ਰਾਤ ਨੂੰ ਖਾਧੀ ਮੱਕੀ ਦੀ ਰੋਟੀ ਤੇ ਸ਼ੱਕਰ-ਘਿਓ, ਸਵੇਰੇ ਆਲੂ ਦੇ ਪਰੋਂਠੇ ਤੇ ਦਹੀਂ
ਬੰਬੇਲੀ (ਹੁਸ਼ਿਆਰਪੁਰ)/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਪਿੰਡ ਖੱਟੀਆਂ-ਮਿੱਠੀਆਂ ਯਾਦਾਂ ਨਾਲ ਕੈਨੇਡਾ ਪਰਤ ਗਏ ਹਨ। ਜਾਂਦੇ-ਜਾਂਦੇ ਆਪਣੀ ਸਾਦਗੀ ਦੀ ਮਿਸਾਲ ਪੇਸ਼ ਕਰ ਗਏ ਹਨ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਨੇਤਾ ਹੋਵੇਗਾ, ਜਿਸ ਨੇ ਏਨੀ ਸਾਦਗੀ ਦਾ ਸਬੂਤ ਦਿੱਤਾ ਹੋਵੇ। ਬੇਸ਼ੱਕ ਸਰਕਾਰ ਨੇ ਰਾਤ ਨੂੰ ਬਿਜਲੀ ਕੱਟ ਦਾ ਸਿਲਸਿਲਾ ਜਾਰੀ ਰੱਖਿਆ, ਪਰ ਸੱਜਣ ਆਪਣੇ ਘਰ ਦੀ ਛੱਤ ‘ਤੇ ਖ਼ੁਦ ਫਰਾਟਾ ਪੱਖਾ ਲਗਾ ਕੇ ਉਸ ਦੀ ਹਵਾ ਵਿਚ ਮਸਤੀ ਨਾਲ ਸੋ ਗਏ। ਚਾਰ ਘੰਟਿਆਂ ਦੀ ਨੀਂਦ ਮਗਰੋਂ ਰੱਬ ਦਾ ਸ਼ੁਕਰਾਨਾ ਅਦਾ ਕੀਤਾ ਤੇ ਆਪਣੇ ਬੰਬੇਲੀ ਤੋਂ ਵਿਦਾਈ ਲਈ। ਸੱਜਣ ਦੇ ਮਨ ਵਿਚ ਪਿੰਡ ਦੀਆਂ ਅਧੂਰੀਆਂ ਯਾਦਾਂ ਦੇ ਨਾਲ ਇਕ ਟੀਸ ਵੀ ਬਾਕੀ ਰਹਿ ਗਈ ਕਿ ਉਹ ਨਾ ਤਾਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਘੁੰਮ ਸਕੇ ਤੇ ਨਾ ਹੀ ਖੇਤਾਂ ਦੀਆਂ ਵੱਟਾਂ ‘ਤੇ ਟਹਿਲ ਸਕੇ। ਸਿਰਫ਼ ਆਪਣੇ ਘਰ ਦੇ ਚੌਬਾਰੇ ਤੋਂ ਦੂਰੋਂ ਹੀ ਪਿੰਡ ਦੇ ਖੇਤਾਂ ਨੂੰ ਨਿਹਾਰਦੇ ਰਹੇ ਤੇ ਉਥੋਂ ਦੀਆਂ ਤਸਵੀਰਾਂ ਲੈ ਕੇ ਸਬਰ ਕਰ ਲਿਆ। ਪਿੰਡ ਤੋਂ ਰਵਾਨਾ ਹੋਣ ਤੋਂ ਪਹਿਲਾਂ ਵੀ ਉਨ੍ਹਾਂ ਨੇ ਪਿੰਡ ਦੀ ਫੇਰੀ ਲਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦਿੱਤਾ ਗਿਆ। ਉਹ ਪਿੰਡ ਵਾਲਿਆਂ ਨੂੰ ਇਹ ਸੁਨੇਹਾ ਦੇ ਗਏ ਕਿ ਉਨ੍ਹਾਂ ਨਾਲ ਰੂਬਰੂ ਨਾ ਹੋਣ ਦਾ ਮਲਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਰਹੇਗਾ। ਜਦੋਂ ਹਰਜੀਤ ਸਿੰਘ ਸੱਜਣ ਗੁਰਦੁਆਰਾ ਸਾਹਿਬ ਤੋਂ ਸਿੱਧਾ ਆਪਣੇ ਘਰ ਗਏ ਤਾਂ ਉਥੇ ਉਨ੍ਹਾਂ ਨੇ ਜੁੱਤੇ ਲਾਹ ਕੇ ਚੱਪਲਾਂ ਪਾਈਆਂ। ਪਹਿਲਾਂ ਤੋਂ ਹੀ ਘਰ ਵਿਚ ਬਣੇ ਪਕੌੜੇ ਖਾਧੇ ਤੇ ਖ਼ੁਦ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦੇ ਲੋਕਾਂ ਨੂੰ ਵੀ ਖਵਾਏ। ਉਨ੍ਹਾਂ ਕਿਹਾ ਕਿ ਹੁਣ ਉਹ ਉਨ੍ਹਾਂ ਦੇ ਘਰ ਦੇ ਮਹਿਮਾਨ ਹਨ। ਕੁਝ ਸਮਾਂ ਘਰ ਵਾਲਿਆਂ ਨਾਲ ਗੱਲਾਂ ਕਰਨ ਮਗਰੋਂ ਉਨ੍ਹਾਂ ਨੇ ਘਿਓ-ਸ਼ੱਕਰ ਨਾਲ ਮੱਕੀ ਦੀ ਰੋਟੀ ਖਾਣ ਦੀ ਇੱਛਾ ਜ਼ਾਹਰ ਕੀਤੀ। ਘਰਵਾਲਿਆਂ ਨੇ ਉਸ ਸਮੇਂ ਉਨ੍ਹਾਂ ਨੂੰ ਮੱਕੀ ਦੀ ਰੋਟੀ ਤੇ ਘਿਓ-ਸ਼ੱਕਰ ਪਰੋਸਿਆ। ਉਨ੍ਹਾਂ ਨੇ ਪਿੰਡ ਦੀ ਲੱਸੀ ਵੀ ਮੰਗੀ ਤਾਂ ਉਨ੍ਹਾਂ ਨੂੰ ਲੱਸੀ ਵੀ ਲਿਆ ਦਿੱਤੀ ਗਈ। ਸ਼ਾਮ ਨੂੰ ਬੇਹੱਦ ਸਾਦਾ ਭੋਜਨ ਕਰਨ ਮਗਰੋਂ ਘਰ ਦੀ ਰਸੋਈ ਦੇ ਕੰਮ ਵਿਚ ਹੱਥ ਵੰਡਾ ਰਹੀਆਂ ਪਿੰਡ ਦੀਆਂ ਕੁੜੀਆਂ ਨੂੰ ਕਿਹਾ ਕਿ ਹੁਣ ਤੁਸੀਂ ਬੈਠ ਜਾਓ ਤੇ ਉਨ੍ਹਾਂ ਨੂੰ ਖੁਦ ਪਾਣੀ ਪਿਲਾਇਆ। ਬਾਅਦ ਵਿਚ ਜਦੋਂ ਕੁੜੀਆਂ ਖਾਣਾ ਖਾ ਰਹੀਆਂ ਸਨ ਤਾਂ ਸੱਜਣ ਰਸੋਈ ਵਿਚ ਗਏ ਤੇ ਉਨ੍ਹਾਂ ਲਈ ਦਹੀਂ ਲੈ ਕੇ ਆਏ। ਇਸੇ ਦੌਰਾਨ ਜਦੋਂ ਪਿੰਡ ਦੇ ਕੁਝ ਲੋਕ ਆਏ ਤਾਂ ਸੱਜਣ ਨੇ ਉਨ੍ਹਾਂ ਨਾਲ ਕਾਫ਼ੀ ਗੱਲਾਂ ਕੀਤੀਆਂ। ਦੇਰ ਰਾਤ ਜਦੋਂ ਸੋਣ ਦਾ ਸਮਾਂ ਆਇਆ ਤਾਂ ਘਰਵਾਲਿਆਂ ਨੇ ਸੱਜਣ ਲਈ ਬਾਕਾਇਦਾ ਇਕ ਏ.ਸੀ. ਰੂਮ ਤਿਆਰ ਕੀਤਾ ਹੋਇਆ ਸੀ, ਪਰ ਉਨ੍ਹਾਂ ਨੇ ਏ.ਸੀ. ਰੂਮ ਛੱਡ ਕੇ ਘਰ ਵਿਚ ਹੇਠਾਂ ਪਿਆ ਇਕ ਮੰਜਾ ਚੁੱਕਿਆ ਤੇ ਛੱਤ ‘ਤੇ ਲਿਜਾ ਕੇ ਚੌਬਾਰੇ ‘ਤੇ ਬਣੀ ਬਾਲਕੋਨੀ ਵਿਚ ਰੱਖ ਦਿੱਤਾ ਤੇ ਉਥੇ ਪਿਆ ਫਰਾਟਾ ਪੱਖਾ ਲਗਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਲ ਆਏ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮਾਂ ਲਈ ਸੋਣ ਦਾ ਇੰਤਜ਼ਾਮ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਚਚੇਰੇ ਭਰਾ ਜਸਵੀਰ ਸਿੰਘ ਸੱਜਣ ਨੇ ਦੱਸਿਆ ਕਿ ਤੜਕੇ 4 ਵਜੇ ਸੱਜਣ ਉਠ ਗਏ ਤੇ ਆਪਣੇ ਕੱਪੜੇ ਖੁਦ ਪ੍ਰੈੱਸ ਕੀਤੇ ਤੇ 5 ਵਜੇ ਤਿਆਰ ਹੋ ਗਏ ਤੇ ਨਾਸ਼ਤਾ ਕਰਨ ਤੋਂ ਬਾਅਦ ਪਿੰਡ ਤੋਂ ਵਿਦਾਈ ਲੈ ਲਈ। ਸੱਜਣ ਦੇ ਪਿਤਾ ਕੁੰਦਨ ਸਿੰਘ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜੋ ਉਨ੍ਹਾਂ ਦੇ ਪੁੱਤਰ ਨੂੰ ਮਿਲਣ ਆਏ ਸਨ। ਲੋਕਾਂ ਦਾ ਪਿਆਰ ਦੇਖ ਕੇ ਸੱਜਣ ਬਹੁਤ ਖ਼ੁਸ਼ ਹੋਏ। ਕੁੰਦਨ ਸਿੰਘ ਅਨੁਸਾਰ ਸੱਜਣ ਜ਼ਿਆਦਾ ਸਮਾਂ ਪਿੰਡ ਰਹਿਣਾ ਚਾਹੁੰਦੇ ਸਨ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਇੱਛਾ ਪੂਰੀ ਨਾ ਹੋ ਸਕੀ। ਉਨ੍ਹਾਂ ਕਿਹਾ ਕਿ ਆਪਣੇ ਪੁੱਤ ਦੀ ਤਰਫ਼ੋ ਉਹ ਦੋ ਅਨਾਥ ਆਸ਼ਰਮਾਂ ਨੂੰ 50-50 ਹਜ਼ਾਰ ਦੀ ਵਿੱਤੀ ਸਹਾਇਤਾ ਦੇਣਗੇ।
ਜ਼ਿਕਰਯੋਗ ਹੈ ਕਿ ਸੱਜਣ ਪਿਛਲੀ ਵਾਰ 2001 ਵਿਚ ਪਿੰਡ ਆਏ ਸਨ। ਉਨ੍ਹਾਂ ਦਾ ਪਰਿਵਾਰ 1970 ਵਿਚ ਕੈਨੇਡਾ ਚਲਾ ਗਿਆ ਸੀ ਤੇ ਸੱਜਣ ਉਸ ਵੇਲੇ ਮਹਿਜ਼ 5 ਸਾਲ ਦੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਇਹ ਤੀਜਾ ਗੇੜਾ ਸੀ। ਉਨ੍ਹਾਂ ਦੇ ਪਿਤਾ ਕੁੰਦਨ ਸਿੰਘ ਸੱਜਣ ਤੇ ਮਾਤਾ ਵਿਦਿਆ ਦੇਵੀ ਹਰ 2-3 ਸਾਲ ਬਾਅਦ ਪੰਜਾਬ ਆਉਂਦੇ ਹਨ। ਸੱਜਣ 2015 ਵਿਚ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਬਣੇ ਸਨ।