ਜਥੇਦਾਰ ਮੱਕੜ ਸਮੇਂ ਖ਼ਰੀਦੀ ਜ਼ਮੀਨ ‘ਚ ਘਪਲੇ ‘ਤੇ ਸ਼੍ਰੋਮਣੀ ਕਮੇਟੀ ਚੁੱਪ, ਸਿੱਖ ਸੰਗਤ ਵਲੋਂ ਨਿਖੇਧੀ

ਜਥੇਦਾਰ ਮੱਕੜ ਸਮੇਂ ਖ਼ਰੀਦੀ ਜ਼ਮੀਨ ‘ਚ ਘਪਲੇ ‘ਤੇ ਸ਼੍ਰੋਮਣੀ ਕਮੇਟੀ ਚੁੱਪ, ਸਿੱਖ ਸੰਗਤ ਵਲੋਂ ਨਿਖੇਧੀ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਸਮੇਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਖ਼ਰੀਦੀ ਗਈ ਜ਼ਮੀਨ ਵਿੱਚ ਕਥਿਤ ਮੌਰ ‘ਤੇ ਹੋਏ ਕਰੋੜਾਂ ਰੁਪਏ ਦੇ ਘਪਲੇ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਧਾਰੀ ਚੁੱਪੀ ਦੀ ਸਿੱਖ ਸੰਗਤ ਵੱਲੋਂ ਨਿਖੇਧੀ ਕੀਤੀ ਗਈ ਹੈ। ਸਿੱਖ ਆਗੂ ਇੰਦਰਜੀਤ ਸਿੰਘ ਸਿੰਧੜਾਂ ਅਤੇ ਬਰਿੰਦਰ ਸਿੰਘ ਹਰੀਪੁਰ ਨੇ ਇੱਥੇ ਦੱਸਿਆ ਕਿ ਇਸ ਸਬੰਧੀ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਹੋਰ ਕਿਸੇ ਵੀ ਸਿੱਖ ਸੰਸਥਾ, ਜਥੇਬੰਦੀ ਜਾਂ ਐਸਜੀਪੀਸੀ ਮੈਂਬਰਾਂ ਨੇ ਉਕਤ ਘਪਲੇ ਸਬੰਧੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੈਂਬਰਾਂ ਨੇ ਇਸ ਮਾਮਲੇ ਵਿੱਚ ਕੋਈ ਭੂਮਿਕਾ ਅਦਾ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਤੋਂ ਹਿਸਾਬ ਲਿਆ ਜਾਵੇਗਾ। ਉਕਤ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਨਹੀਂ ਲਿਆਂਦੀ ਤਾਂ ਫਿਰ ਇਸ ਮਾਮਲੇ ‘ਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨਾਲ ਵਿਚਾਰ ਵਟਾਂਦਰਾ ਕਰ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।