ਸੱਜਣ ਵਿਵਾਦ ਨੂੰ ਲੈ ਕੇ ਕੈਪਟਨ ਨੇ ਵਿਰੋਧੀ ਧਿਰਾਂ ‘ਤੇ ਕੀਤਾ ਵਾਰ

ਸੱਜਣ ਵਿਵਾਦ ਨੂੰ ਲੈ ਕੇ ਕੈਪਟਨ ਨੇ ਵਿਰੋਧੀ ਧਿਰਾਂ ‘ਤੇ ਕੀਤਾ ਵਾਰ

ਕਿਹਾ-ਇਹ ਧਿਰਾਂ ਕੌਮੀ ਗ਼ੈਰਤ ਦੀ ਭਾਵਨਾ ਤੋਂ ਕੋਰੀਆਂ
ਚੰਡੀਗੜ੍ਹ/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੇ ਫੈਸਲੇ ਕਾਰਨ ਕੁਝ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਦੀ ਪ੍ਰਤੀਕਿਰਿਆ ਇਹ ਸਿੱਧ ਕਰਦੀ ਹੈ ਕਿ ਇਹ ਜਥੇਬੰਦੀਆਂ ਕੌਮੀ ਗ਼ੈਰਤ ਦੀ ਭਾਵਨਾ ਤੋਂ ਰਹਿਤ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਖਾਲਿਸਤਾਨੀ ਹਮਾਇਤੀਆਂ ਅਤੇ ਭਾਰਤ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਨਿਰੰਤਰ ਨਿਗਰਾਨੀ ਰੱਖ ਰਹੀ ਹੈ। ਸਾਡਾ ਮੁਲਾਂਕਣ ਅਤੇ ਫੈਸਲੇ ਇਨ੍ਹਾਂ ਰਿਪੋਰਟਾਂ ‘ਤੇ ਹੀ ਆਧਾਰਤ ਹਨ। ਉਨ੍ਹਾਂ ਕਿਹਾ ਕਿ ਉਹ ਹਰਜੀਤ ਸਿੰਘ ਸੱਜਣ ਦੀ ਇਸ ਮਹੀਨੇ ਦੀ ਤਜਵੀਜ਼ਤ ਭਾਰਤ ਫੇਰੀ ਦੌਰਾਨ ਸੁਰੱਖਿਆ ਅਤੇ ਪ੍ਰੋਟੋਕੋਲ ਮੁਤਾਬਕ ਢੁੱਕਵੇਂ ਬੰਦੋਬਸਤ ਕਰਨ ਲਈ ਤਿਆਰ ਹਨ ਪਰ ਕੈਨੇਡੀਅਨ ਮੰਤਰੀ ਨੂੰ ਮਿਲਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਸਪਸ਼ਟ ਕੀਤਾ ਕਿ ਹਰਜੀਤ ਸੱਜਣ ਦੇ ਪੰਜਾਬ ਆਉਣ ਮੌਕੇ ਸੁਰੱਖਿਆ ਤੇ ਪ੍ਰੋਟੋਕੋਲ ਮੁਤਾਬਕ ਪ੍ਰਬੰਧ ਕੀਤੇ ਜਾਣਗੇ, ਜਿਵੇਂ ਭਾਰਤੀ ਰੱਖਿਆ ਮੰਤਰੀ ਦੇ ਕੈਨੇਡਾ ਜਾਣ ਮੌਕੇ ਕੀਤੇ ਜਾਂਦੇ ਹਨ।
ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਸਟੈਂਡ ਦੀ ਆਲੋਚਨਾ ਕਰਨ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਹ ਭੁੱਲ ਚੁੱਕੀ ਹੈ ਕਿ ਉਨ੍ਹਾਂ ਦੇ ਆਗੂਆਂ ਨਾਲ ਕੈਨੇਡਾ ਦੇ ਗਰਮਦਲੀਆਂ ਨੇ ਕੀ ਸਲੂਕ ਕੀਤਾ ਸੀ। ਉਨ੍ਹਾਂ ਪੁੱਛਿਆ ਕਿ ਕੀ ਇਨ੍ਹਾਂ ਲੀਡਰਾਂ ਵਿੱਚ ਗ਼ੈਰਤ ਦੀ ਭਾਵਨਾ ਮਰ ਚੁੱਕੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਉਨ੍ਹਾਂ ਦੇ ਸਿਧਾਂਤਕ ਸਟੈਂਡ ਦੀ ਮੁਖਾਲਫ਼ਤ ਕਰਨ ਵਾਲੇ ਇਹ ਲੋਕ ਦਰਅਸਲ ਖਾਲਿਸਤਾਨੀ ਹਮਾਇਤੀਆਂ ਨੂੰ ਹੱਲਾਸ਼ੇਰੀ ਦੇ ਕੇ ਖਾੜਕੂਵਾਦ ਦੇ ਸਿਰ ਚੁੱਕਣ ਦੀ ਸੰਭਾਵਨਾ ਨੂੰ ਹਵਾ ਦੇ ਰਹੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਸਿੱਖ ਵਿਰੋਧੀ ਦੱਸਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵਸਦੇ ਸਿੱਖਾਂ ਨਾਲ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ ਪਰ ਇਨ੍ਹਾਂ ਵਿੱਚ ਮੌਜੂਦ ਇਕ ਛੋਟੀ ਜਿਹੀ ਆਬਾਦੀ, ਜੋ ਖਾਲਿਸਤਾਨ ਹਮਾਇਤੀ ਹੈ, ਨਾਲ ਉਨ੍ਹਾਂ ਦਾ ਕੋਈ ਪਿਆਰ ਵੀ ਨਹੀਂ ਹੈ। ਉਹ ਹਮੇਸ਼ਾ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਕੀਤੀਆਂ ਪ੍ਰਾਪਤੀਆਂ ‘ਤੇ ਮਾਣ ਕਰਦੇ ਰਹੇ ਹਨ ਅਤੇ ਇਨ੍ਹਾਂ ਸਿੱਖ ਭਰਾਵਾਂ ਨੂੰ ਉਨ੍ਹਾਂ ਸਦਾ ਮਾਣ-ਸਤਿਕਾਰ ਦਿੱਤਾ ਹੈ।
ਰਾਣਾ ਗੁਰਜੀਤ ਬੋਲੇ- ‘ਆਪ’ ਦਾ ਖ਼ਾਲਿਸਤਾਨ ਪੱਖੀ ਚਿਹਰਾ ਬੇਨਕਾਬ :
ਆਮ ਆਦਮੀ ਪਾਰਟੀ (ਆਪ) ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦਾ ਖਾਲਿਸਤਾਨੀ ਪੱਖੀ ਚਿਹਰਾ ਪਹਿਲਾਂ ਹੀ ਨੰਗਾ ਹੋ ਚੁੱਕਾ ਹੈ।