ਵੱਡੇ ਘਰਾਂ ਦੀ ‘ਬੱਸ ਸੇਵਾ’ ਦੀ ਪੋਲ ਖੋਲ੍ਹਣ ਤੁਰੇ ਅਫ਼ਸਰਾਂ ਦਾ ਦਬਕਾ ਕੈਪਟਨ ਨੇ ਮੱਠਾ ਕੀਤਾ

ਵੱਡੇ ਘਰਾਂ ਦੀ ‘ਬੱਸ ਸੇਵਾ’ ਦੀ ਪੋਲ ਖੋਲ੍ਹਣ ਤੁਰੇ ਅਫ਼ਸਰਾਂ ਦਾ ਦਬਕਾ ਕੈਪਟਨ ਨੇ ਮੱਠਾ ਕੀਤਾ

ਕੈਪਸ਼ਨ-ਬਠਿੰਡਾ ਬੱਸ ਅੱਡੇ ਵਿਚ ਚੈਕਿੰਗ ਦੌਰਾਨ ਪਏ ਰੌਲ਼ੇ ਰੱਪੇ ਦੀ ਇੱਕ ਤਸਵੀਰ।
ਬਠਿੰਡਾ/ ਚਰਨਜੀਤ ਭੁੱਲਰ :
ਕੈਪਟਨ ਸਰਕਾਰ ਦੇ ਇੱਕੋ ਦਬਕੇ ਨੇ ਵੱਡੇ ਘਰਾਂ ਦੀ ‘ਬੱਸ ਸੇਵਾ’ ਦੀ ਪੋਲ ਖੋਲ੍ਹਣ ਤੁਰੇ ਅਫਸਰਾਂ ਦਾ ਦਬਕਾ ਮੱਠਾ ਕਰ ਦਿੱਤਾ। ਬਠਿੰਡਾ ਬੱਸ ਅੱਡੇ ‘ਤੇ ਪਰਮਿਟਾਂ ਦੀ ਚੈਕਿੰਗ ਵਿਚ ਜਦੋਂ ਗੁੱਝੇ ਰਾਜ਼ ਬੇਪਰਦ ਹੋਣ ਲੱਗੇ ਤਾਂ ਉਪਰੋਂ ਤਾਰਾਂ ਖੜਕ ਗਈਆਂ। ਗਰਮਜੋਸ਼ੀ ਨਾਲ ਸ਼ੁਰੂ ਹੋਈ ਮੁਹਿੰਮ ਦੁਪਹਿਰ ਤੋਂ ਪਹਿਲਾਂ ਹੀ ਖਤਮ ਹੋ ਗਈ। ਚਰਚੇ ਹਨ ਕਿ ‘ਵੱਡੇ ਘਰਾਂ’ ਦੀ ਨਵੀਂ ਹਕੂਮਤ ਵਿਚ ਉਵੇਂ ਹੀ ਤੂਤੀ ਬੋਲਦੀ ਹੈ। ਪੀ.ਆਰ.ਟੀ.ਸੀ ਦੇ ਨਵੇਂ ਐਮ.ਡੀ ਮਨਜੀਤ ਸਿੰਘ ਨਾਰੰਗ ਨੇ ਬੜੀ ਫੁਰਤੀ ਨਾਲ ਡਿੱਪੂ ਮੈਨੇਜਰਾਂ ਨੂੰ ਪੱਤਰ ਜਾਰੀ ਕੀਤਾ ਸੀ ਕਿ ਬੱਸ ਅੱਡਿਆਂ ਵਿਚੋਂ ਚੱਲਦੀ ਪ੍ਰਾਈਵੇਟ ਟਰਾਂਸਪੋਰਟ ਦੇ ਪਰਮਿਟਾਂ ਅਤੇ ਸਮਾਂ ਸੂਚੀਆਂ ਦੀ ਚੈਕਿੰਗ ਕੀਤੀ ਜਾਵੇ।    ਬਠਿੰਡਾ ਡਿੱਪੂ ਦੇ ਨਵੇਂ ਜਨਰਲ ਮੈਨੇਜਰ ਨੇ ਇਕ ਪੱਤਰ ਤਹਿਤ ਪਰਮਿਟ ਚੈਕਿੰਗ ਲਈ ਅੱਠ ਮੈਂਬਰੀ ਕਮੇਟੀ ਬਣਾ ਦਿੱਤੀ। ਵਿਸਾਖੀ ਵਾਲੇ ਦਿਨ ਜਦੋਂ ਕਮੇਟੀ ਨੇ ਸਵੇਰੇ ਪੰਜ ਵਜੇ ਚੈਕਿੰਗ ਸ਼ੁਰੂ ਕਰ ਦਿੱਤੀ ਤਾਂ ਉਦੋਂ ਹੀ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਸੂਤਰ ਦੱਸਦੇ ਹਨ ਕਿ ਜਦੋਂ ਕਮੇਟੀ ਨੇ ਵੱਡਿਆਂ ਦੀਆਂ ਦੋ ਬੱਸਾਂ ਦੀ ਚੈਕਿੰਗ ਕੀਤੀ ਤਾਂ ਦਾਲ ਵਿਚ ਕੁਝ ਕਾਲਾ ਜਾਪਿਆ। ਫਿਰ ਹੋਰ ਕੁਝ ਬੱਸਾਂ ਦੇ ਪਰਮਿਟਾਂ ਵਿਚ ਖ਼ਾਮੀਆਂ ਦਿਖੀਆਂ ਅਤੇ ਕਈ ਪਰਮਿਟ ਰੀਨਿਊ ਹੀ ਨਹੀਂ ਹੋਏ ਸਨ। ਵੱਡੇ ਟਰਾਂਸਪੋਰਟਰਾਂ ਦੀ ਇੱਕ ਬੱਸ ਦਾ ਅਸਲੀ ਪਰਮਿਟ ਹੋਰ ਸੀ ਜਦੋਂਕਿ ਸਮਾਂ ਸੂਚੀ ਵਿਚ ਪਰਮਿਟ ਨੰਬਰ ਕੋਈ ਹੋਰ ਦਰਜ ਸੀ। ਚੈਕਿੰਗ ਕਮੇਟੀ ਨੇ ਦੋ ਦੋ ਪਰਮਿਟਾਂ ਨੂੰ ਜੋੜ ਕੇ ਚੱਲਦੀਆਂ ਬੱਸਾਂ ਦੀ ਸ਼ਨਾਖ਼ਤ ਵੀ ਕੀਤੀ। ਫਿਰ ਟਰਾਂਸਪੋਰਟਰਾਂ ਨੇ ਪਰਮਿਟ ਦਿਖਾਉਣੇ ਬੰਦ ਕਰ ਦਿੱਤੇ। ਦੁਪਹਿਰ ਤੋਂ ਪਹਿਲਾਂ ਰੌਲਾ ਪੈ ਗਿਆ। ਪ੍ਰਾਈਵੇਟ ਟਰਾਂਸਪੋਰਟ ਵੀ ਇਸ ਮੁਹਿੰਮ ਖ਼ਿਲਾਫ਼ ਕੁੱਦ ਪਏ। ਸੂਤਰਾਂ ਅਨੁਸਾਰ ਉਪਰੋਂ ਜ਼ਬਾਨੀ ਹੁਕਮ ਮਿਲ ਗਏ ਕਿ ਚੈਕਿੰਗ ਬੰਦ ਕਰ ਦਿੱਤੀ ਜਾਵੇ ਅਤੇ ਮਹਿਜ ਪਰਮਿਟਾਂ ਵਗੈਰਾ ਦੀ ਗਿਣਤੀ ਲਿਖ ਲਈ ਜਾਵੇ। ਹੁਕਮਾਂ ਮਗਰੋਂ ਹੀ ਚੈਕਿੰਗ ਕਮੇਟੀ ਨੇ ਪੜਤਾਲ ਬੰਦ ਕਰ ਦਿੱਤੀ। ਇਸ ਕਮੇਟੀ ਨੇ ਮੁੜ ਇਹ ਮੁਹਿੰਮ ਸ਼ੁਰੂ ਨਹੀਂ ਕੀਤੀ। ਚਰਚੇ ਛਿੜੇ ਹਨ ਕਿ ਪੁਰਾਣੀ ਸਰਕਾਰ ਦਾ ਹਾਲੇ ਵੀ ਮੌਜੂਦਾ ਸਰਕਾਰ ਵਿਚ ਦਬਦਬਾ ਹੈ।
ਪੀ.ਆਰ.ਟੀ.ਸੀ ਕਰਮਚਾਰੀ ਦਲ ਦੇ ਚੇਅਰਮੈਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਜਦੋਂ ਪ੍ਰਾਈਵੇਟ ਬੱਸਾਂ ਦੀਆਂ ਖ਼ਾਮੀਆਂ ਜ਼ਾਹਰ ਹੋਣ ਲੱਗੀਆਂ ਤਾਂ ਪ੍ਰਾਈਵੇਟ ਟਰਾਂਸਪੋਰਟਰ ਭੜਕ ਉੱਠੇ। ਉਨ੍ਹਾਂ ਦੱਸਿਆ ਕਿ ਪਰਮਿਟਾਂ ਅਤੇ ਟਾਈਮ ਟੇਬਲ ਵਿਚ ਬਹੁਤ ਗੰਭੀਰ ਖ਼ਾਮੀਆਂ ਲੱਭੀਆਂ ਹਨ ਪ੍ਰੰਤੂ ਮਗਰੋਂ ਟਰਾਂਸਪੋਰਟਰਾਂ ਨੇ ਉਪਰੋਂ ਦਬਾਓ ਪਾ ਲਿਆ। ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਹੈਪੀ ਦਾ ਕਹਿਣਾ ਸੀ ਕਿ ਪੀ.ਆਰ.ਟੀ.ਸੀ ਕੋਲ ਪਰਮਿਟ ਚੈੱਕ ਕਰਨ ਦੀ ਕੋਈ ਅਥਾਰਟੀ ਨਹੀਂ ਹੈ। ਸਮਰੱਥ ਅਥਾਰਟੀ ਜਦੋਂ ਚਾਹੇ ਪਰਮਿਟ ਚੈੱਕ ਕਰ ਸਕਦੀ ਹੈ ਅਤੇ ਕੋਈ ਵੀ ਪਰਮਿਟ ਗਲਤ ਨਹੀਂ ਹੈ। ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਪ੍ਰਦੀਪ ਸਚਦੇਵਾ ਦਾ ਕਹਿਣਾ ਸੀ ਕਿ ਚੈਕਿੰਗ ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਜਿਸ ਨੇ ਟਾਈਮ ਟੇਬਲ ਵਿਚ ਕੁਝ ਖ਼ਾਮੀਆਂ ਨੂੰ ਉਠਾਇਆ ਹੈ ਅਤੇ ਉਹ ਇਸ ਸਬੰਧੀ ਕਾਰਪੋਰੇਸ਼ਨ ਦੇ ਐਮ.ਡੀ ਨੂੰ ਰਿਪੋਰਟ ਭੇਜ ਰਹੇ ਹਨ। ਉਨਾਂਂ ਆਖਿਆ ਕਿ ਜੂਨੀਅਰ ਮੁਲਾਜ਼ਮਾਂ ਵਲੋਂ ਚੈਕਿੰਗ ਕਰਨ ਤੇ ਪ੍ਰਾਈਵੇਟ ਟਰਾਂਸਪੋਰਟਾਂ ਨੂੰ ਇਤਰਾਜ਼ ਸੀ ਅਤੇ ਚੈਕਿੰਗ ਨਾ ਕਰਨ ਬਾਰੇ ਕੋਈ ਦਬਾਅ ਨਹੀਂ ਹੈ। ਪੀ.ਆਰ.ਟੀ.ਸੀ ਦੇ ਐਮ.ਡੀ ਮਨਜੀਤ ਸਿੰਘ ਨਾਰੰਗ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ੍ਹਾਂ ਫੋਨ ਚੁੱਕਿਆ ਨਹੀਂ। ਮੁੱਖ ਦਫ਼ਤਰ ਦੇ ਜਨਰਲ ਮੈਨੇਜਰ (ਅਪਰੇਸ਼ਨ) ਆਰ. ਐਸ. ਔਲਖ ਦਾ ਪ੍ਰਤੀਕਰਮ ਸੀ ਕਿ ਗ਼ੈਰਕਨੂੰਨੀ ਪਰਮਿਟਾਂ ਬਾਰੇ ਰਿਪੋਰਟ ਮੰਗੀ ਹੈ ਅਤੇ ਕੋਈ ਦਬਾਓ ਵਾਲੀ ਕਿਧਰੇ ਗੱਲ ਨਹੀਂ ਹੈ।