ਹੁਣ ਭਾਈ ਮੇਵਾ ਸਿੰਘ ਲੋਪੋਕੇ ਦਾ ਨਾਂ ਕੈਨੇਡਾ ਦੇ ਅਪਰਾਧੀਆਂ ਦੀ ਸੂਚੀ ‘ਚੋਂ ਰੱਦ ਕਰਾਉਣ ਲਈ ਯਤਨ ਤੇਜ਼

ਹੁਣ ਭਾਈ ਮੇਵਾ ਸਿੰਘ ਲੋਪੋਕੇ ਦਾ ਨਾਂ ਕੈਨੇਡਾ ਦੇ ਅਪਰਾਧੀਆਂ ਦੀ ਸੂਚੀ ‘ਚੋਂ ਰੱਦ ਕਰਾਉਣ ਲਈ ਯਤਨ ਤੇਜ਼
ਕੈਪਸ਼ਨ-ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਸਾਹਿਬ ਸਿੰਘ ਥਿੰਦ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਕਾਮਾਗਾਟਾ ਮਾਰੂ ਜਹਾਜ਼ ਵਿੱਚ ਮਾਰੇ ਯਾਤਰੂਆਂ ਨੂੰ ਸਿੱਖ ਸ਼ਹੀਦਾਂ ਦਾ ਦਰਜਾ ਦਿਵਾਉਣ ਮਗਰੋਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਹੁਣ ਭਾਈ ਮੇਵਾ ਸਿੰਘ ਲੋਪੋਕੇ ਦਾ ਨਾਂ ਕੈਨੇਡਾ ਦੇ ਅਪਰਾਧੀਆਂ ਦੀ ਸੂਚੀ ਵਿੱਚੋਂ ਰੱਦ ਕਰਾਉਣ ਲਈ ਯਤਨ ਅਰੰਭੇ ਜਾਣਗੇ। ਇਹ ਖ਼ੁਲਾਸਾ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਕੀਤਾ। ਉਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮਾਰੇ ਯਾਤਰੂਆਂ ਨੂੰ ਸਿੱਖ ਸ਼ਹੀਦਾਂ ਦਾ ਦਰਜਾ ਦਿੱਤੇ ਜਾਣ ‘ਤੇ ਅਕਾਲ ਤਖ਼ਤ ‘ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਧੰਨਵਾਦ ਕੀਤਾ ਹੈ। ਲਗਭਗ 103 ਸਾਲ ਬਾਅਦ ਇਸ ਸਬੰਧੀ ਰਸਮੀ ਤੌਰ ‘ਤੇ ਹੋਏ ਫ਼ੈਸਲੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਪੁੱਜੇ ਸ੍ਰੀ ਥਿੰਦ ਨੇ ਦੱਸਿਆ ਕਿ ਉਨ੍ਹਾਂ 8 ਨਵੰਬਰ 2016 ਨੂੰ ਇਸ ਸਬੰਧੀ ਇਕ ਮੰਗ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਸੀ, ਜਿਸ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੇ ਮਾਰ ਦਿੱਤੇ ਗਏ ਮੁਸਾਫਰਾਂ ਅਤੇ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ ਵੱਲੋਂ ‘ਅਸਿੱਖ’ ਕਰਾਰ ਦਿੱਤਾ ਗਿਆ ਸੀ, ਵਿੱਚ ਸੋਧ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਭਾਈ ਮੇਵਾ ਸਿੰਘ ਲੋਪੋਕੇ ਜਿਸ ਨੂੰ 11 ਜਨਵਰੀ 1915  ਨੂੰ ਵੈਨਕੂਵਰ ਵਿੱਚ ਫਾਂਸੀ ਦੇ ਦਿੱਤੀ ਗਈ ਸੀ, ਦਾ ਨਾਂ ਕੈਨੇਡਾ ਦੇ ਅਪਰਾਧੀਆਂ ਦੀ ਸੂਚੀ ਵਿੱਚੋਂ ਕਢਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੈਨੇਡਾ ਸਰਕਾਰ ਨਾਲ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਭਾਈ ਲੋਪੋਕੇ ਬਾਰੇ ਖ਼ੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਸਨ। ਉਸ ਵੇਲੇ ਇੱਕ ਸਰਕਾਰੀ ਨੁਮਾਇੰਦਾ ਜੋ ਭਾਰਤੀ ਭਾਈਚਾਰੇ ਵਿੱਚ ਪਾੜ ਪਾ ਰਿਹਾ ਸੀ, ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਹ ਕਤਲ ਇਨਸਾਫ਼ ਦੀ ਰਾਖੀ ਲਈ ਕੀਤਾ ਗਿਆ ਸੀ। ਭਾਵੇਂ ਕੈਨੇਡਾ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਅਪਰਾਧ ਹੈ ਪਰ ਪੰਜਾਬੀ ਭਾਈਚਾਰੇ ਲਈ ਭਾਈ ਮੇਵਾ ਸਿੰਘ ਲੋਪੋਕੇ ਇਕ ਸ਼ਹੀਦ ਹਨ। ਉਨ੍ਹਾਂ ਆਖਿਆ ਕਿ ਕੌਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਰੂੜ ਸਿੰਘ ਨੇ ‘ਅਸਿੱਖ’ ਕਰਾਰ ਦੇ ਦਿੱਤਾ ਸੀ। ਹੁਣ ਜਦੋਂ ਇਸ ਘਟਨਾ ਬਾਰੇ 102 ਸਾਲਾਂ ਬਾਅਦ ਕੈਨੇਡਾ ਸਰਕਾਰ ਨੇ ਮੁਆਫ਼ੀ ਮੰਗ ਲਈ ਹੈ ਤਾਂ ਸ੍ਰੀ ਅਕਾਲ ਤਖ਼ਤ ਵਲੋਂ ਵੀ ਇਸ ਫੈਸਲੇ ਵਿਚ ਸੋਧ ਹੋਣੀ ਜ਼ਰੂਰੀ ਸੀ। ਭਾਵੇਂ ਕਿ ਇਸ ਫੈਸਲੇ ਨੂੰ ਉਸ ਵੇਲੇ ਹੀ ਅਗਲੇ ਜਥੇਦਾਰ ਵਲੋਂ ਵਾਪਸ ਲੈ ਲਿਆ ਗਿਆ ਸੀ ਪਰ ਇਸ ਸਬੰਧੀ ਲਿਖਤੀ ਦਸਤਾਵੇਜ਼ ਨਹੀਂ ਸਨ।