ਅਨਸਾਰੀ ਨੇ ਵਿਦਿਅਕ ਅਦਾਰਿਆਂ ‘ਚ ਬੇਲੋੜੀ ਰੋਕ-ਟੋਕ ਤੇ ਅਸਹਿਣਸ਼ੀਲਤਾ ‘ਤੇ ਚਿੰਤਾ ਪ੍ਰਗਟਾਈ

ਅਨਸਾਰੀ ਨੇ ਵਿਦਿਅਕ ਅਦਾਰਿਆਂ ‘ਚ ਬੇਲੋੜੀ ਰੋਕ-ਟੋਕ ਤੇ ਅਸਹਿਣਸ਼ੀਲਤਾ ‘ਤੇ ਚਿੰਤਾ ਪ੍ਰਗਟਾਈ

ਚੰਡੀਗੜ੍ਹ/ਬਿਊਰੋ ਨਿਊਜ਼ :
ਉਪ ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਹਾਮਿਦ ਅਨਸਾਰੀ  ਨੇ ਵਿੱਦਿਅਕ ਅਦਾਰਿਆਂ ਵਿੱਚ ਬੇਲੋੜੀ ਰੋਕ ਟੋਕ ਅਤੇ ਅਸਹਿਣਸ਼ੀਲਤਾ ਉਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨੇ ਅਕਾਦਮਿਕ ਆਜ਼ਾਦੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਈ ਯੂਨੀਵਰਸਿਟੀਆਂ ਵਿੱਚ ਉਪਰੋਥਲੀ ਵਾਪਰੀਆਂ ਕਈ ਘਟਨਾਵਾਂ ਕਾਰਨ ਸਹਿਣਸ਼ੀਲਤਾ ਖੰਭ ਲਾ ਕੇ ਉਡ ਗਈ ਹੈ ਅਤੇ ਵਿੱਦਿਅਕ ਅਦਾਰਿਆਂ ਨੂੰ ਚੁਣੌਤੀਆਂ ਨੇ ਆ ਘੇਰਿਆ ਹੈ। ਪੰਜਾਬ ਯੂਨੀਵਰਸਿਟੀ ਦੀ 66ਵੀਂ ਕਨਵੋਕੇਸ਼ਨ ਮੌਕੇ ਸ੍ਰੀ ਅਨਸਾਰੀ ਨੇ ‘ਵਰਸਿਟੀ ਦਾ ਵਿਸ਼ੇਸ਼ ਨਾਂ ਲੈ ਕੇ ਕਿਹਾ ਕਿ  ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੂੰ ਅਕਾਦਮਿਕ ਪਾਬੰਦੀ ਅਤੇ ਅਸਹਿਣਸ਼ੀਲਤਾ ਖ਼ਿਲਾਫ਼ ਅਸਹਿਮਤੀ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਨ ਦਾ ਹੱਕ ਹੈ। ਸਿੱਖਿਆ ਸ਼ਾਸਤਰੀਆਂ ਲਈ ਜਿੰਨਾ ਮਹੱਤਵ ਅਕਾਦਮਿਕ ਡਿਊਟੀਆਂ ਨਿਭਾਉਣਾ ਹੈ, ਉਸ ਤੋਂ ਕਿਤੇ ਵੱਧ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਡਟਣਾ ਵੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਖੋਜ ‘ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਨੇ ਸਵਾਗਤੀ ਸ਼ਬਦ ਕਹੇ। ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਲਘੂ ਫਿਲਮ ਵੀ ਦਿਖਾਈ ਗਈ।
ਕਨਵੋਕੇਸ਼ਨ ਦੌਰਾਨ ਉਪ ਰਾਸ਼ਟਰਪਤੀ ਨੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੂੰ ਡੀ ਲਿੱਟ, ਪ੍ਰੋ ਜੀ.ਐਸ ਖ਼ੁਸ਼ ਨੂੰ ਡਾਕਟਰ ਆਫ਼ ਸਾਇੰਸ ਅਤੇ ਨੀਰੂਦੀਨ ਫਰਹਾ ਨੂੰ ਡੀ ਲਿੱਟ ਦੀ ਆਨਰੇਰੀ ਡਿਗਰੀ ਦਿੱਤੀ। ਡਾਕਟਰ ਆਫ਼ ਲਾਅ ਦੀ ਆਨਰੇਰੀ ਡਿਗਰੀ ਵਾਸਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ.ਐਸ. ਖੇਹਰ ਦੀ ਚੋਣ ਕੀਤੀ ਗਈ ਸੀ ਪਰ ਉਹ ਹਾਜ਼ਰ ਨਾ ਹੋਏ। ਇਸ ਤੋਂ ਬਾਅਦ ਪੰਜਾਬੀ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਰਤਨ, ਕਲਾਕਾਰ ਅਨੂਪਮ ਖੇਰ ਨੂੰ ਕਲਾ ਰਤਨ ਅਤੇ ਡਾ. ਪੀਡੀ ਗੁਪਤਾ ਨੂੰ ਵਿਗਿਆਨ ਰਤਨ ਪੁਰਸਕਾਰ ਨਾਲ ਨਿਵਾਜਿਆ ਗਿਆ।
ਸਮਾਗਮ ਦੇ ਦੂਜੇ ਅੱਧ ਵਿੱਚ 315 ਖੋਜ ਵਿਦਿਆਰਥੀਆਂ ਨੂੰ ਪੀਐਚਡੀ ਦੀ ਡਿਗਰੀ ਦਿੱਤੀ ਗਈ। ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਜੀ ਐਸ ਚੱਢਾ ਨੇ ਧੰਨਵਾਦ ਸ਼ਬਦ ਕਹੇ। ਕਨਵੋਕੇਸ਼ਨ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਸਨ।