ਕੈਪਟਨ ਸਰਕਾਰ ਦੇ ਖੰਭਾਂ ਨਾਲ ਉੱਡਿਆ ‘ਜੁਗਨੂੰ’

ਕੈਪਟਨ ਸਰਕਾਰ ਦੇ ਖੰਭਾਂ ਨਾਲ ਉੱਡਿਆ ‘ਜੁਗਨੂੰ’

ਜੁਗਨੂੰ ਦਾ ਪਿਤਾ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦਾ ਸੀਨੀਅਰ ਆਗੂ ਰਿਹੈ
ਬਠਿੰਡਾ/ਚਰਨਜੀਤ ਭੁੱਲਰ :
ਬਠਿੰਡਾ ਪੁਲੀਸ ਨੇ ਸਿਆਸੀ ਦਬਕੇ ਮਗਰੋਂ ਵੀਆਈਪੀ ਠੇਕੇਦਾਰ ਨੂੰ ਜੇਲ੍ਹ ਵਿੱਚੋਂ ‘ਮੁਕਤੀ’ ਦਿਵਾ ਦਿੱਤੀ ਹੈ। ਕੈਪਟਨ ਸਰਕਾਰ ਨੇ ਅਡਵਾਂਸ ਵਾਈਨ ਦੇ ਠੇਕੇਦਾਰ ਨੂੰ ਸੀਖਾਂ ਤੋਂ ਬਾਹਰ ਕੱਢਣ ਲਈ ਖ਼ੁਦ ਪਹਿਲ ਕੀਤੀ, ਕਿਉਂਕਿ ਅਦਾਲਤ ‘ਚੋਂ ਠੇਕੇਦਾਰ ਦੀ ਰੈਗੂਲਰ ਜ਼ਮਾਨਤ ਨਹੀਂ ਹੋਈ। ਜ਼ਿਲ੍ਹਾ ਪੁਲੀਸ ਹੁਣ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂੰ ਖ਼ਿਲਾਫ਼ ਦਰਜ ਕੇਸ ਨੂੰ ਖ਼ਾਰਜ ਕਰਨ ਦੇ ਰਾਹ ਪੈ ਗਈ ਹੈ।
ਚੋਣਾਂ ਦੌਰਾਨ ਇਸ ਠੇਕੇਦਾਰ ਦੇ ਗੁਦਾਮਾਂ ਵਿੱਚੋਂ ਕਰੀਬ ਸਵਾ ਲੱਖ ਬੋਤਲ ਗ਼ੈਰਕਾਨੂੰਨੀ ਸ਼ਰਾਬ ਫੜੀ ਗਈ ਸੀ। ਜਸਵਿੰਦਰ ਸਿੰਘ ਤੇ ਹਿੱਸੇਦਾਰਾਂ ਖ਼ਿਲਾਫ਼ ਥਾਣਾ ਕੈਨਾਲ ਵਿੱਚ 28 ਜਨਵਰੀ 2017 ਨੂੰ ਐਫਆਈਆਰ ਨੰਬਰ 14 ਦਰਜ ਹੋਈ ਸੀ। ਪੁਲੀਸ ਨੇ 20 ਫਰਵਰੀ ਨੂੰ ਠੇਕੇਦਾਰ ਜੁਗਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਪੁਲੀਸ ਨੇ ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚੋਂ ਧਾਰਾ 169 ਤਹਿਤ ਰਾਹਤ ਦਿਵਾ ਦਿੱਤੀ ਤਾਂ ਉਹ ਹਸਪਤਾਲ ਵਿਚੋਂ ਹੀ ਰਿਹਾਅ ਹੋ ਕੇ ਘਰ ਚਲਾ ਗਿਆ। ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਜੇਲ੍ਹ ਦੇ ਡਾਕਟਰ ਦੀ ਸਿਫ਼ਾਰਸ਼ ‘ਤੇ ਠੇਕੇਦਾਰ ਨੂੰ ਹਸਪਤਾਲ ਭੇਜਿਆ ਗਿਆ ਸੀ, ਜਿੱਥੋਂ ਉਹ ਅਦਾਲਤੀ ਹੁਕਮਾਂ ਮਗਰੋਂ ਰਿਹਾਅ ਹੋ ਗਿਆ ਹੈ। ਆਬਕਾਰੀ ਮਹਿਕਮੇ ਦੇ ਉਸ ਦੀ ਅਡਵਾਂਸ ਵਾਈਨ ਵੱਲ 18.09 ਕਰੋੜ ਦੇ ਬਕਾਏ ਖੜ੍ਹੇ ਹਨ। ਦੱਸਣਯੋਗ ਹੈ ਕਿ ਇਸ ਠੇਕੇਦਾਰ ਦਾ ਪਿਤਾ ਅਤੇ ਸਾਬਕਾ ਚੇਅਰਮੈਨ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦਾ ਸੀਨੀਅਰ ਆਗੂ ਰਿਹਾ ਹੈ। ਕਰ ਅਤੇ ਆਬਕਾਰੀ ਅਫ਼ਸਰ ਵਿਕਰਮ ਠਾਕੁਰ ਨੇ ਅਦਾਲਤ ਵਿੱਚ ਬਿਆਨ ਦਰਜ ਕਰਾ ਦਿੱਤੇ ਕਿ ਠੇਕੇਦਾਰ ਦੀ ਜ਼ਮਾਨਤ ਹੋਣ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਥਾਣਾ ਕੈਨਾਲ ਦੇ ਮੁੱਖ ਥਾਣਾ ਅਫ਼ਸਰ ਗੁਰਦੇਵ ਸਿੰਘ ਭੱਲਾ ਦਾ ਕਹਿਣਾ ਸੀ ਕਿ ਅਦਾਲਤ ਨੇ ਠੇਕੇਦਾਰ ਨੂੰ ਆਰਜ਼ੀ ਰਾਹਤ ਦਿੱਤੀ ਹੈ। ਈਟੀਓ ਵਿਕਰਮ ਠਾਕੁਰ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਮਹਿਕਮੇ ਨੂੰ ਦਰਖ਼ਾਸਤ ਦਿੱਤੀ ਹੈ ਕਿ ਉਹ ਫੜੀ ਸ਼ਰਾਬ ਦੀ ਐਕਸਾਈਜ਼ ਡਿਊਟੀ ਭਰਨ ਨੂੰ ਤਿਆਰ ਹਨ ਅਤੇ ਉਨ੍ਹਾਂ ਨੇ ਪੁਲੀਸ ਨੂੰ ਲਿਖ ਦਿੱਤਾ ਹੈ ਕਿ ਜੇ ਫਰਮ ਐਕਸਾਈਜ਼ ਡਿਊਟੀ ਭਰਦੀ ਹੈ ਤਾਂ ਮਹਿਕਮੇ ਨੂੰ ਕੇਸ ਖ਼ਾਰਜ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਠੇਕੇਦਾਰ ਖ਼ਿਲਾਫ਼ ਦਰਜ ਕੇਸ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ, ਜਿਸ ਦਾ ਮੁਖੀ ਐਸ.ਪੀ (ਸਥਾਨਕ) ਦੇਸ ਰਾਜ ਨੂੰ ਲਾਇਆ ਗਿਆ ਹੈ।
ਦੱਸਣਯੋਗ ਹੈ ਕਿ ਅਮਰਿੰਦਰ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਦਾ ਪ੍ਰਣ ਲਿਆ ਹੋਇਆ ਹੈ ਤੇ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਅਜਿਹੀਆਂ ਕਾਰਵਾਈਆਂ ਨਾਲ ਮੁਹਿੰਮ ‘ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।