ਆਪਣੀ ਰਿਹਾਇਸ਼ ਦਾ ਖ਼ੁਦ ਪ੍ਰਬੰਧ ਕਰ ਲਵਾਂਗਾ : ਬਾਦਲ

ਆਪਣੀ ਰਿਹਾਇਸ਼ ਦਾ ਖ਼ੁਦ ਪ੍ਰਬੰਧ ਕਰ ਲਵਾਂਗਾ : ਬਾਦਲ

ਚੰਡੀਗੜ੍ਹ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਰਕਾਰੀ ਮਕਾਨ ਦੇਣ ਦੇ ਫ਼ੈਸਲੇ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਖਾਈ ਗਈ ਫ਼ਰਾਖ਼ਦਿਲੀ ਸਲਾਹੁਣਯੋਗ ਹੈ ਪਰ ਉਹ ਆਪਣੀ ਰਿਹਾਇਸ਼ ਦਾ ਖ਼ੁਦ ਇੰਤਜ਼ਾਮ ਕਰ ਲੈਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਸ. ਬਾਦਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਕੀਤੇ ਜਾਣ ਵਾਲੇ ਹਰ ਫ਼ੈਸਲੇ ਦੀ ਪੁਰਜ਼ੋਰ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਹੀ ਬੇਲੋੜੇ ਟਕਰਾਅ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਨਾ ਹੀ ਮਹਿਜ਼ ਨੁਕਤਾਚੀਨੀ ਕਰਨ ਲਈ ਨੁਕਤਾਚੀਨੀ ਕਰਦਾ ਹੈ। ਸ. ਬਾਦਲ ਨੇ ਕਿਹਾ ਕਿ ਜੇ ਨਵੀਂ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੀ ਹੋਵੇ ਤਾਂ ਇਹ ਸੌਖਿਆਂ ਹੀ ਪੂਰੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਲ ਬੱਤੀ ਨਾ ਲਾਉਣ ਵਾਲੇ ਕੁਝ ਲੀਪਾਪੋਚੀ ਵਾਲੇ ਫ਼ੈਸਲੇ ਕਰਨ ਤੋਂ ਬਿਨਾਂ ਬਾਕੀ ਸਾਰੇ ਫ਼ੈਸਲੇ ਅਕਾਲੀ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਦਾ ਜਾਂ ਤਾਂ ਦੁਹਰਾਓ ਹੈ ਜਾਂ ਫਿਰ ਫੋਕੀਆਂ ਗੱਲਾਂ ਹੀ ਹਨ। ਉਨ੍ਹਾਂ ਕਿਹਾ, ”ਮੈਨੂੰ ਆਸ ਹੈ ਕਿ ਇਹ ਵਾਅਦੇ ਕਾਂਗਰਸ ਸਰਕਾਰ ਕੁਝ ਹੀ ਮਹੀਨਿਆਂ ਵਿਚ ਪੂਰੇ ਕਰੇਗੀ ਅਤੇ ਉਸ ਦਿਨ ਇਸ ਸਰਕਾਰ ਨੂੰ ਵਧਾਈ ਦੇਣਗੇ।” ਸ. ਬਾਦਲ ਨੇ ਕਿਹਾ ਕਿ ਹਾਲਾਂਕਿ ਮੈਨੂੰ ਬਹੁਤ ਹੈਰਾਨੀ ਹੋਈ ਹੈ ਕਿ ਕਾਂਗਰਸ ਸਰਕਾਰ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਤੋਂ ਅਗਾਂਹ ਸੋਚਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਪਰ ਅਕਾਲੀ-ਭਾਜਪਾ ਗੱਠਜੋੜ ਅਜੇ ਨਵੀਂ ਸਰਕਾਰ ਨੂੰ ਚੰਗੀ ਤਰ੍ਹਾਂ ਕਾਇਮ ਹੋਣ ਲਈ ਸਮਾਂ ਦੇਣਾ ਚਾਹੁੰਦਾ ਹੈ, ਇਸ ਲਈ ਕੋਈ ਸਵਾਲ ਨਹੀਂ ਪੁੱਛਣਗਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਨਸ਼ਿਆਂ ਦੇ ਖ਼ਾਤਮੇ, ਕਿਸਾਨੀ ਕਰਜ਼ਿਆਂ ਦੀ ਮੁਆਫ਼ੀ, ਪੈਨਸ਼ਨ ਤੇ ਸ਼ਗਨ ਸਕੀਮਾਂ ਦੀ ਰਾਸ਼ੀ ਵਿਚ ਵਾਧੇ ਅਤੇ ਮੈਨੀਫੈਸਟੋ ਵਿਚ ਕੀਤੇ ਗਏ ਹੋਰ ਵਾਅਦਿਆਂ ਦੀ ਪੂਰਤੀ ਸਬੰਧੀ ਕੀਤੇ ਜਾਣ ਵਾਲੇ ਫ਼ੈਸਲਿਆਂ ਦੀ ਉਡੀਕ ਰਹੇਗੀ।