ਨਵਜੋਤ ਸਿੱਧੂ ਨੇ ਭ੍ਰਿਸ਼ਟਾਚਾਰ-ਮੁਕਤ ਸੇਵਾਵਾਂ ਦੇਣ ਦਾ ਕੀਤਾ ਵਾਅਦਾ

ਨਵਜੋਤ ਸਿੱਧੂ ਨੇ ਭ੍ਰਿਸ਼ਟਾਚਾਰ-ਮੁਕਤ ਸੇਵਾਵਾਂ ਦੇਣ ਦਾ ਕੀਤਾ ਵਾਅਦਾ
ਕੈਪਸ਼ਨ-ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਕਾਰਜਭਾਰ ਸੰਭਾਲਦੇ ਹੋਏ।

ਚੰਡੀਗੜ੍ਹ/ਬਿਊਰੋ ਨਿਊਜ਼ :
ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਿਵਲ ਸਕੱਤਰੇਤ ਵਿੱਚ ਅਹੁਦਾ ਸੰਭਾਲਣ ਬਾਅਦ ਕਿਹਾ ਕਿ ਨਵੀਂ ਸਰਕਾਰ ਦੀ ਤਰਜੀਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ। ਉਨ੍ਹਾਂ ਨੇ ਪਾਰਟੀ ਵਿਚ ਪ੍ਰਗਟਾਏ ਵਿਸ਼ਵਾਸ ਲਈ ਲੋਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਸੁਫਨਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ, ਜਿਸ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਿਚ ਕਾਫੀ ਭ੍ਰਿਸ਼ਟਾਚਾਰ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਸ਼ਹਿਰੀ ਲੋਕਾਂ ਨੂੰ ਭ੍ਰਿਸ਼ਟਾਚਾਰ-ਮੁਕਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਅਪਣਾਏਗੀ। ਇਸ ਮੌਕੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਮਨਜੀਤ ਸਿੰਘ ਸਿੱਕੀ, ਕੁਸ਼ਲਦੀਪ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਰੰਧਾਵਾ ਤੇ ਦਵਿੰਦਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਤੇ ਅਜੀਤ ਇੰਦਰ ਸਿੰਘ ਮੋਫਰ ਹਾਜ਼ਰ ਸਨ।
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਭ ਤੋਂ ਪਹਿਲਾਂ ਸਕੱਤਰੇਤ ਵਿੱਚ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਲੋਕ-ਪੱਖੀ ਨੀਤੀਆਂ ਤੇ ਮਗਨਰੇਗਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਂਗੇ।
ਟੀਵੀ ਸ਼ੋਅ ਦੇ ਨਾਲ ਮੰਤਰੀ ਦਾ ਫ਼ਰਜ਼ ਵੀ ਨਿਭਾਉਣ ਦਾ ਭਰੋਸਾ :
ਟੀਵੀ ਪ੍ਰੋਗਰਾਮ ਬਾਰੇ ਪੁੱਛਣ ਉਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸ਼ੋਅ ਦੇ ਨਾਲ ਨਾਲ ਮੰਤਰੀ ਵਜੋਂ ਆਪਣੇ ਫ਼ਰਜ਼ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ, ‘ਜੇਕਰ ਜਨਤਾ ਨੂੰ ਉਨ੍ਹਾਂ ਦੇ ਟੀਵੀ ਸ਼ੋਅ ਨਾਲ ਕੋਈ ਸਮੱਸਿਆ ਨਹੀਂ ਹੈ ਤਾਂ ਤੁਸੀਂ (ਮੀਡੀਆ) ਕਿਉਂ ਇਤਰਾਜ਼ ਕਰ ਰਹੇ ਹੋ। ਟੀਵੀ ਸ਼ੋਅ ਲਈ ਮੈਂ ਸ਼ਾਮ ਨੂੰ ਤਿੰਨ ਵਜੇ ਰਵਾਨਾ ਹੋਵਾਂਗਾ ਅਤੇ ਪੰਜ ਵਜੇ ਉਥੇ ਪਹੁੰਚ ਜਾਇਆ ਕਰਾਂਗੇ। ਇਸ ਬਾਅਦ ਮੈਂ ਸਾਰੀ ਰਾਤ ਸ਼ੂਟਿੰਗ ਕਰਾਂਗਾ। ਤੜਕੇ ਤਿੰਨ ਵਜੇ ਉਥੋਂ ਜਹਾਜ਼ ਫੜਾਂਗੇ ਅਤੇ ਸਵੇਰੇ ਪੰਜ ਵਜੇ ਮੁੜ ਆਵਾਂਗਾ। ਸਵੇਰੇ 7 ਵਜੇ ਦਫ਼ਤਰ ਹੋਵਾਂਗਾ।’