ਡੇਰਾ ਪ੍ਰੇਮੀਆਂ ਨੇ ਆਖ਼ਰ ਖ਼ਤਮ ਕੀਤਾ ਧਰਨਾ, ਦੇਹਾਂ ਦਾ ਸਸਕਾਰ

ਡੇਰਾ ਪ੍ਰੇਮੀਆਂ ਨੇ ਆਖ਼ਰ ਖ਼ਤਮ ਕੀਤਾ ਧਰਨਾ, ਦੇਹਾਂ ਦਾ ਸਸਕਾਰ
ਕੈਪਸ਼ਨ-ਡੇਰਾ ਪ੍ਰੇਮੀ ਪਿਓ-ਪੁੱਤਰ ਦੇ ਸਸਕਾਰ ਮੌਕੇ ਪਿੰਡ ਜਗੇੜਾ ਤੋਂ ਅਹਿਮਦਗੜ੍ਹ ਤਕ ਕੱਢੇ ਜਾ ਰਹੇ ਮਾਰਚ ਵਿਚ ਹਿੱਸਾ ਲੈ ਰਹੇ ਡੇਰਾ ਪ੍ਰੇਮੀ।

ਮੰਡੀ ਅਹਿਮਦਗੜ੍ਹ/ਬਿਊਰੋ ਨਿਊਜ਼ :
ਪਿੰਡ ਨਾਨਕਪੁਰ ਜਗੇੜਾ ਵਿੱਚ ਸਥਿਤ ਡੇਰਾ ਸੱਚਾ ਸੌਦਾ ਨਾਮ ਚਰਚਾ ਘਰ ਵਿਚ ਡੇਰਾ ਪ੍ਰੇਮੀ ਪਿਓ-ਪੁੱਤਰ ਦੇ ਕਤਲ ਤੋਂ ਬਾਅਦ ਲੁਧਿਆਣਾ-ਮਾਲੇਰਕੋਟਲਾ ਮਾਰਗ ‘ਤੇ ਲੱਗਿਆ ਧਰਨਾ ਡੇਰਾ ਕਮੇਟੀ ਮੈਂਬਰਾਂ ਤੇ ਡੀਜੀਪੀ (ਅਮਨ ਤੇ ਕਾਨੂੰਨ) ਹਰਦੀਪ ਸਿੰਘ ਢਿੱਲੋਂ ਨਾਲ ਹੋਈ ਮੀਟਿੰਗ ਤੋਂ ਬਾਅਦ ਹਟਾ ਦਿੱਤਾ ਗਿਆ। ਇਸ ਮੌਕੇ ਬੀਤੇ ਚਾਰ ਦਿਨਾਂ ਤੋਂ ਫਰੀਜ਼ਰਾਂ ਵਿੱਚ ਰੱਖੀਆਂ ਸੱਤ ਪਾਲ ਜੋਸ਼ੀ ਅਤੇ ਉਸ ਦੇ ਪੁੱਤਰ ਰਮੇਸ਼ ਕੁਮਾਰ ਜੋਸ਼ੀ ਦੀਆਂ ਲਾਸ਼ਾਂ ਦਾ ਸਸਕਾਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਡੇਰਾ ਪ੍ਰੇਮੀਆਂ, ਪਰਿਵਾਰਕ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਡੀਜੀਪੀ ਢਿੱਲੋਂ ਨਾਲ ਗੱਲਬਾਤ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਧਰਨਾ ਚੁੱਕਣ ਅਤੇ ਸਸਕਾਰ  ਕਰਨ ਲਈ ਹਾਮੀ ਭਰੀ। ਮੀਟਿੰਗ ਤੋਂ ਬਾਅਦ ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਗਠਿਤ ਜਾਂਚ ਕਮੇਟੀ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਹਮਦਰਦੀ ਵਜੋਂ ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਅਤੇ ਦੋ  ਮੈਂਬਰਾਂ ਨੂੰ ਪੁਲੀਸ ਵਿੱਚ ਨੌਕਰੀ ਦੇਵੇਗੀ। ਉਨ੍ਹਾਂ ਵੱਲੋਂ ਕੀਤੀ ਅਪੀਲ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਸਹਿਮਤੀ ਦਿੱਤੀ ਅਤੇ ਧਰਨਾ ਚੁੱਕਣ ਦਾ ਐਲਾਨ ਕੀਤਾ। ਇਸ ਮੌਕੇ ਆਈ.ਜੀ. ਜ਼ੋਨਲ ਐੱਲ ਕੇ ਯਾਦਵ, ਡੀਆਈਜੀ ਐੱਸ ਕੇ ਕਾਲੀਆ, ਐੱਸਐੱਸਪੀ ਖੰਨਾ ਸਤਿੰਦਰ ਸਿੰਘ, ਐੱਸਐੱਸਪੀ ਹੁਸ਼ਿਆਪੁਰ ਹਰਚਰਨ ਸਿੰਘ ਭੁੱਲਰ, ਐੱਸਐੱਸਪੀ ਇੰਦਰਵੀਰ ਸਿੰਘ ਅਤੇ ਐੱਸਪੀ ਸਤਨਾਮ ਸਿੰਘ ਬੈਂਸ ਨੇ ਕਮੇਟੀ ਮੈਂਬਰਾਂ ਪਰਮਜੀਤ ਸਿੰਘ ਮਾਨਸਾ, ਸਿਕੰਦਰ ਸਿੰਘ ਲੁਧਿਆਣਾ, ਹਰਿੰਦਰ ਸਿੰਘ ਸੰਗਰੂਰ, ਰਵੀ ਮੁਕਤਸਰ, ਰਾਮ ਕਰਨ ਭਵਾਨੀਗੜ੍ਹ, ਜਗਜੀਤ ਸਿੰਘ ਮੋਗਾ, ਸਰਵਨ ਕੁਮਾਰ ਅਹਿਮਦਗੜ੍ਹ ਅਤੇ ਗੁਰਦੇਵ ਸਿੰਘ ਬਠਿੰਡਾ ਨਾਲ ਮੀਟਿੰਗ ਕੀਤੀ। ਧਰਨਾ ਹਟਣ ਤੋਂ ਬਾਅਦ ਮੁੱਖ ਮਾਰਗ ‘ਤੇ ਲੰਬੀਆਂ ਕਤਾਰਾਂ ਵਿਚ ਸੜਕ ਦੇ ਦੋਵਾਂ ਪਾਸੇ ਖੜ੍ਹੇ ਵਾਹਨਾਂ ਨੂੰ ਵੀ ਲਾਂਘਾ ਮਿਲਿਆ। ਬਾਅਦ ਦੁਪਹਿਰ ਦੋਵੇਂ ਮ੍ਰਿਤਕਾਂ ਦਾ ਸਸਕਾਰ ਬਜਰੰਗ ਅਖਾੜਾ ਨੇੜੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਲਾਸ਼ਾਂ ਨੂੰ ਫੁੱਲਾਂ ਨਾਲ ਸਜਾ ਕੇ ਜਲੂਸ ਦੀ ਸ਼ਕਲ ਵਿੱਚ ਲਿਆਂਦਾ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਡੇਰਾ ਪ੍ਰੇਮੀ ਨੇ ਸ਼ਰਧਾਂਜਲੀਆਂ ਭੇਟ ਕਰ ਕੇ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲਾਏ। ਸ਼ਹਿਰ ਦੇ ਲੋਕਾਂ ਨੇ ਸ਼ੋਕ ਵਜੋਂ ਬਾਜ਼ਾਰ ਬੰਦ ਰੱਖੇ।