ਬਡੂੰਗਰ ਵੱਲੋਂ ਸ਼ਹੀਦਾਂ ਦੀ ਫਾਂਸੀ ਦੀ ਤਰੀਕ ਵੈਲੇਨਟਾਈਨ ਨਾਲ ਜੋੜਨ ਦੀ ਨਿਖੇਧੀ

ਬਡੂੰਗਰ ਵੱਲੋਂ ਸ਼ਹੀਦਾਂ ਦੀ ਫਾਂਸੀ ਦੀ ਤਰੀਕ ਵੈਲੇਨਟਾਈਨ ਨਾਲ ਜੋੜਨ ਦੀ ਨਿਖੇਧੀ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸੁਣਾਈ ਫਾਂਸੀ ਦੀ ਤਰੀਕ ਨੂੰ ਵੈਲੇਨਟਾਈਨ ਡੇਅ ਨਾਲ ਜੋੜਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਿਤੀਆਂ ਬਹੁਤ ਅਹਿਮ ਹਨ ਅਤੇ ਇਨ੍ਹਾਂ ਸਬੰਧੀ ਕੁਝ ਵੀ ਛਾਪਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਕਰ ਲੈਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਕੁਝ ਅਖਬਾਰਾਂ ਵੱਲੋਂ ਬਿਨਾਂ ਪੜਤਾਲ ਕੀਤਿਆਂ ਇਕ ਖ਼ਬਰ ਪ੍ਰਕਾਸ਼ਤ ਕਰ ਦਿੱਤੀ ਗਈ ਸੀ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਨੌਜਵਾਨ 14 ਫਰਵਰੀ ਨੂੰ ਹੱਥਾਂ ਵਿੱਚ ਫੁੱਲ ਲੈ ਕੇ ਪੱਛਮੀ ਸਭਿਅਤਾ ਦਾ ਤਿਉਹਾਰ ਵੈਲੇਨਟਾਈਨ ਡੇਅ ਮਨਾ ਰਹੇ ਹਨ ਜਦੋਂਕਿ ਇਸ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜੋ ਕਿ ਸਰਾਸਰ ਗਲਤ ਹੈ। ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਇਸ ਖ਼ਬਰ ਨਾਲ ਦੇਸ਼ ਭਗਤਾਂ ਨਾਲ ਜੁੜੀਆਂ ਕਈ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਵੀ ਤਾੜਨਾ ਕੀਤੀ ਗਈ ਹੈ ਕਿ ਕੁਝ ਲੋਕ ਫੋਕੀ ਸ਼ੁਹਰਤ ਜਾਂ ਕਿਸੇ ਸਾਜ਼ਿਸ਼ ਤਹਿਤ ਸ਼ਹੀਦਾਂ ਦੀਆਂ ਤਰੀਕਾਂ ਸਬੰਧੀ ਭਾਰਤ ਵਾਸੀਆਂ ਨੂੰ ਭੁਲੇਖੇ ਵਿੱਚ ਪਾਉਣ ਜਾਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। Àਨ੍ਹਾਂ ਇਤਿਹਾਸ ਨੂੰ ਵਿਗਾੜਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।