ਪੰਜਾਬ ‘ਚ ਨਸ਼ੀਲੀਆਂ ਗੋਲੀਆਂ, ਟੀਕਿਆਂ ਤੇ ਕੋਕੀਨ ਨੇ ਮਚਾਇਆ ਕਹਿਰ

ਪੰਜਾਬ ‘ਚ ਨਸ਼ੀਲੀਆਂ ਗੋਲੀਆਂ, ਟੀਕਿਆਂ ਤੇ ਕੋਕੀਨ ਨੇ ਮਚਾਇਆ ਕਹਿਰ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਰਵਾਇਤੀ ਨਸ਼ਿਆਂ ਅਫੀਮ, ਗਾਂਜਾ, ਭੁੱਕੀ ਅਤੇ ਭੰਗ ਆਦਿ ਦੀ ਥਾਂ ਹੁਣ ਨਸ਼ੀਲੀਆਂ ਗੋਲੀਆਂ, ਟੀਕਿਆਂ ਅਤੇ ਕੈਪਸੂਲਾਂ ਦਾ ਪ੍ਰਕੋਪ ਫੈਲ ਗਿਆ ਹੈ ਅਤੇ ਸਭ ਤੋਂ ਮਹਿੰਗੀ ਡਰੱਗ ਕੋਕੀਨ ਨੇ ਵੀ ਦਸਤਕ ਦੇ ਦਿੱਤੀ ਹੈ। ਪੰਜਾਬ ਪੁਲੀਸ ਦੇ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਐਨਡੀਪੀਐਸ ਐਕਟ ਦੇ ਤਕਰੀਬਨ 5300 ਕੇਸ ਦਰਜ ਕਰਕੇ 6300 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਅਤੇ ਰਵਾਇਤੀ ਨਸ਼ਿਆਂ ਦੀ ਥਾਂ ਨਸ਼ੀਲੇ ਟੀਕਿਆਂ, ਗੋਲੀਆਂ ਤੇ ਕੈਪਸ਼ੂਲਾਂ ਦੀ ਬਰਾਮਦਗੀ ਵਧੀ ਹੈ। ਦੂਸਰੇ ਪਾਸੇ ਸੂਬੇ ਵਿਚ ਹੁਣ ਨਸ਼ੀਲੀਆਂ ਦਵਾਈਆਂ ਨੂੰ ਵਿਆਪਕ ਪੱਧਰ ‘ਤੇ ਨਸ਼ੇ ਦੀ ਥਾਂ ਵਰਤਿਆ ਜਾ ਰਿਹਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪੁਲੀਸ ਨੇ ਪਿਛਲੇ ਵਰ੍ਹੇ 28.60 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ, ਜੋ ਸਾਲ 2015 ਤੋਂ 6.50 ਲੱਖ ਵੱਧ ਹਨ। ਇਸੇ ਤਰ੍ਹਾਂ ਪੁਲੀਸ ਨੇ ਪਿਛਲੇ ਵਰ੍ਹੇ 21 ਹਜ਼ਾਰ ਦੇ ਕਰੀਬ ਨਸ਼ੀਲੇ ਟੀਕੇ ਬਰਾਮਦ ਕੀਤੇ ਹਨ ਜਦਕਿ ਸਾਲ 2015 ਵਿਚ ਕੇਵਲ 16,850 ਟੀਕੇ ਹੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦਾਅਵਾ ਕਰ ਚੁੱਕੀ ਹੈ ਕਿ ਸੂਬੇ ਵਿਚ ਆਯੂਰਵੈਦਿਕ ਦੀਆਂ ਕਾਮਿਨੀ ਨਾਮ ਨਾਲ ਜਾਣੀਆਂ ਜਾਂਦੀਆਂ ਗੋਲੀਆਂ ਨੂੰ ਨਸ਼ੇੜੀ ਅਫੀਮ ਦੀ ਥਾਂ ਨਿਗਲ ਰਹੇ ਹਨ ਕਿਉਂਕਿ ਇਨ੍ਹਾਂ ਗੋਲੀਆਂ ਵਿਚ 25 ਫੀਸਦ ਅਫੀਮ ਹੁੰਦੀ ਹੈ। ਡਰੱਗ ਮਾਫੀਆ ਵੱਡੇ ਪੱਧਰ ‘ਤੇ ਮਿਲੀਭੁਗਤ ਕਰਕੇ ਬੜੇ ਸੀਮਤ ਢੰਗ ਨਾਲ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਗੋਲੀਆਂ ਨੂੰ ਸ਼ਰੇਆਮ ਪ੍ਰਚੂਨ ਵਿਚ ਵੇਚ ਰਿਹਾ ਹੈ। ਪੰਜਾਬ ਪੁਲੀਸ ਵਲੋਂ ਦੂਸਰੇ ਪਾਸੇ ਪਿਛਲੇ ਵਰ੍ਹੇ ਕੇਵਲ 160 ਕਿਲੋ ਭੰਗ ਤੇ 440 ਕਿਲੋ ਦੇ ਕਰੀਬ ਗਾਂਜਾ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਸਾਲ 2016 ਦੌਰਾਨ ਭੁੱਕੀ ਵੀ ਕੇਵਲ 21 ਹਜ਼ਾਰ ਕਿਲੋ ਦੇ ਕਰੀਬ ਹੀ ਬਰਾਮਦ ਕੀਤੀ ਹੈ ਜਦਕਿ ਸਾਲ 2015 ਦੌਰਾਨ 35,291 ਕਿਲੋ ਭੁੱਕੀ ਬਰਾਮਦ ਕੀਤੀ ਸੀ। ਆਮ ਤੌਰ ‘ਤੇ ਗਾਂਜਾ, ਭੁੱਕੀ ਅਤੇ ਭੰਗ ਦਾ ਨਸ਼ਾ ਹੇਠਲੇ ਤਬਕੇ ਦੇ ਲੋਕ ਕਰਦੇ ਹਨ ਪਰ ਸੂਤਰ ਦੱਸਦੇ ਹਨ ਕਿ ਹੁਣ ਸਸਤਾ ਨਸ਼ਾ ਕਰਨ ਵਾਲੇ ਇਨ੍ਹਾਂ ਦੀ ਥਾਂ ਨਸ਼ੀਲੀਆਂ ਗੋਲੀਆਂ, ਟੀਕਿਆਂ ਤੇ ਕੈਪਸੂਲਾਂ ਦੇ ਰਾਹ ਪੈ ਗਏ ਹਨ।
ਇਸੇ ਤਰ੍ਹਾਂ ਰਵਾਇਤੀ ਨਸ਼ੇ ਅਫੀਮ ਦੀ ਪੰਜਾਬ ਵਿਚ ਬਰਾਮਦਗੀ ਨਿਰੰਤਰ ਘੱਟਦੀ ਜਾ ਰਹੀ ਹੈ। ਪੁਲੀਸ ਨੇ ਪਿਛਲੇ ਵਰ੍ਹੇ ਕੇਵਲ 351 ਕਿਲੋ ਦੇ ਕਰੀਬ ਹੀ ਅਫੀਮ ਬਰਾਮਦ ਕੀਤੀ ਸੀ। ਪੰਜਾਬ ਪੁਲੀਸ ਵਲੋਂ ਪਿਛਲੇ ਵਰ੍ਹੇ ਤਿੰਨ ਸਾਲਾਂ ਬਾਅਦ  1.10 ਕਿਲੋ ਕੋਕੀਨ ਬਰਾਮਦ ਕਰਨ ਤੋਂ ਸੰਕੇਤ ਮਿਲੇ ਹਨ ਕਿ ਡਰੱਗ ਮਾਫੀਆ ਵਲੋਂ ਸਭ ਤੋਂ ਮਹਿੰਗੇ ਨਸ਼ੇ ਨੂੰ ਵੀ ਪੰਜਾਬ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਨਸ਼ਾ ਖਾਸ ਕਰਕੇ ਦੇਰ ਰਾਤ ਨੂੰ ਪਾਰਟੀਆਂ ਕਰਦੇ ਅਮੀਰਜ਼ਾਦਿਆਂ ਵਲੋਂ ਵਰਤਣ ਦੀ ਚਰਚਾ ਹੈ।

ਕੇਸਾਂ ਤੇ ਗ੍ਰਿਫਤਾਰੀਆਂ ਵਿੱਚ ਆਈ ਕਮੀ :
ਪਿਛਲੇ ਵਰ੍ਹੇ ਐਨਡੀਪੀਐਸ ਐਕਟ ਅਧੀਨ ਦਰਜ ਕੀਤੇ ਕੇਸਾਂ ਅਤੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ ਵੀ ਪਿਛਲੇ ਸਾਲਾਂ ਨਾਲੋਂ ਤਕਰੀਬਨ ਅੱਧੀ ਰਹਿ ਗਈ ਹੈ। ਜਿਥੇ ਪਿਛਲੇ ਵਰ੍ਹੇ 5300 ਦੇ ਕਰੀਬ ਕੇਸ ਦਰਜ ਕਰਕੇ 6300 ਵਿਅਕਤੀ ਗ੍ਰਿਫਤਾਰ ਕੀਤੇ ਸਨ ਉਥੇ ਸਾਲ 2015 ਦੌਰਾਨ ਵੱਡੇ ਪੱਧਰ ‘ਤੇ 10,178 ਕੇਸ ਦਰਜ ਕਰਕੇ 12,183 ਵਿਅਕਤੀ ਗ੍ਰਿਫਤਾਰ ਕੀਤੇ ਸਨ। ਉਂਜ ਕੇਸ ਦਰਜ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਸਾਲ 2014 ਵਿਚ ਰਿਕਾਰਡ ਬਣਾਇਆ ਸੀ। ਇਸ ਵਰ੍ਹੇ ਪੁਲੀਸ ਨੇ ਐਨਡੀਪੀਸੀ ਐਕਟ ਅਧੀਨ 14,482 ਕੇਸ ਦਰਜ ਕਰਕੇ 17,001 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।