ਬਿਜਲੀ ਚੋਰੀ ਮਾਮਲੇ ‘ਚ ਬਾਦਲ ਦਾ ਹਲਕਾ ਲੰਬੀ ਪੰਜਾਬ ‘ਚੋਂ ਮੋਹਰੀ

ਬਿਜਲੀ ਚੋਰੀ ਮਾਮਲੇ ‘ਚ ਬਾਦਲ ਦਾ ਹਲਕਾ ਲੰਬੀ ਪੰਜਾਬ ‘ਚੋਂ ਮੋਹਰੀ

ਔਸਤਨ ਹਰ ਦੂਸਰਾ ਘਰ ਪਾਵਰਕੌਮ ਦਾ ਡਿਫ਼ਾਲਟਰ
ਬਠਿੰਡਾ/ਬਿਊਰੋ ਨਿਊਜ਼ :
ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ ਔਸਤਨ ਹਰ ਦੂਸਰਾ ਘਰ ਪਾਵਰਕੌਮ ਦਾ ਡਿਫਾਲਟਰ ਹੈ ਜਦੋਂ ਕਿ ਪੰਜਾਬ ਵਿਚ ਹੋਰ ਕਿਸੇ ਹਲਕੇ ਵਿਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਇਵੇਂ ਬਿਜਲੀ ਚੋਰੀ ਵਿਚ ਵੀ ਹਲਕਾ ਲੰਬੀ ਪੰਜਾਬ ਵਿਚੋਂ ਮੋਹਰੀ ਬਣ ਗਿਆ ਹੈ। ਪੰਜਾਬ ਚੋਣਾਂ ਵਿਚ ਕਾਂਟੇ ਦੀ ਟੱਕਰ ਹੋਣ ਕਰਕੇ ਲੰਬੀ ਦੇ ਲੋਕਾਂ ਨੂੰ ਐਤਕੀਂ ਬਿਜਲੀ ਚੋਰੀ ਦੀ ਅਣ-ਐਲਾਨੀ ਖੁੱਲ੍ਹੀ ਛੁੱਟੀ ਮਿਲੀ ਹੋਈ ਸੀ।
ਚੋਣਾਂ ਕਰਕੇ ਪਾਵਰਕੌਮ ਨੂੰ ਐਤਕੀਂ ਵੱਡਾ ਮਾਲੀ ਰਗੜਾ ਲੱਗਾ ਹੈ। ਪਾਵਰਕੌਮ ਦੇ ਵੰਡ ਘਾਟੇ ਸਭ ਤੋਂ ਜ਼ਿਆਦਾ ਇਸ ਹਲਕੇ ਦੇ ਹਨ ਜੋ ਬਿਜਲੀ ਚੋਰੀ ਹੋਣ ਦੀ ਗਵਾਹੀ ਭਰਦੇ ਹਨ। ਪਾਵਰਕੌਮ ਦੇ ਅਫਸਰ ਆਖਦੇ ਹਨ ਕਿ ਉਨ੍ਹਾਂ ਦੇ ਤਾਂ ਹੱਥ ਬੰਨ੍ਹੇ ਹੋਏ ਹਨ। ਪਾਵਰਕੌਮ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ  ਵੰਡ ਹਲਕਾ ਲੰਬੀ ਦੇ 30,821 ਘਰਾਂ ਵਿਚੋਂ 14,897 ਘਰ ਘਰੇਲੂ ਬਿਜਲੀ ਦੇ ਡਿਫਾਲਟਰ ਹਨ ਜੋ ਕਿ 48.33 ਫੀਸਦੀ ਬਣਦੇ ਹਨ। ਉਪ ਮੰਡਲ ਲੰਬੀ ਵਿਚ 11271 ਘਰੇਲੂ ਕੁਨੈਕਸ਼ਨਾਂ ਵਿਚੋਂ 5606 ਖਪਤਕਾਰ ਡਿਫਾਲਟਰ ਹਨ ਜੋ ਕਿ 49.73 ਫੀਸਦੀ ਬਣਦੇ ਹਨ। ਉਪ ਮੰਡਲ ਬਾਦਲ ਦੇ 8526 ਕੁਨੈਕਸ਼ਨਾਂ ਵਿਚੋਂ 4269 ਖਪਤਕਾਰ ਡਿਫਾਲਟਰ ਹੈ ਜਿਨ੍ਹਾਂ ਦੀ ਦਰ 50 ਫੀਸਦੀ ਬਣਦੀ ਹੈ ਅਤੇ ਇਨ੍ਹਾਂ ਵੱਲ ਪੌਣੇ ਛੇ ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਹਲਕਾ ਲੰਬੀ ਵਿਚ ਪੈਂਦੇ ਉਪ ਮੰਡਲ ਡਬਵਾਲੀ ਦੇ ਕੁੱਲ 11024 ਘਰੇਲੂ ਖਪਤਕਾਰਾਂ ਵਿਚੋਂ 5022 ਖਪਤਕਾਰ ਡਿਫਾਲਟਰ ਹਨ ਜੋ ਕਿ 45.55 ਫੀਸਦੀ ਬਣਦੇ ਹਨ। ਪਾਵਰਕੌਮ ਦੇ ਅਫਸਰ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਤੋਂ ਪਾਸਾ ਵੱਟ ਲੈਂਦੇ ਹਨ।
1 ਅਪਰੈਲ 2012 ਤੋਂ ਹੁਣ ਤੱਕ ਡਬਵਾਲੀ ਉਪ ਮੰਡਲ ਵਿਚ ਸਿਰਫ 452 ਕੁਨੈਕਸ਼ਨ ਕੱਟੇ ਗਏ ਹਨ ਜਦੋਂ ਕਿ 3826 ਪ੍ਰਕਿਰਿਆ ਅਧੀਨ ਹਨ। ਦੂਸਰੇ ਬੰਨੇ ਲੰਬੀ ਨੇੜਲੇ ਉਪ ਮੰਡਲ ਮਲੋਟ (ਦਿਹਾਤੀ) ਵਿਚ ਘਰੇਲੂ ਬਿਜਲੀ ਦੇ ਸਿਰਫ਼ 17 ਫੀਸਦੀ ਡਿਫਾਲਟਰ ਹਨ ਅਤੇ ਉਪ ਮੰਡਲ ਖੂਹੀਆਂ ਸਰਵਰ ਵਿਚ ਸਿਰਫ 2.8 ਫੀਸਦੀ ਡਿਫਾਲਟਰ ਹਨ। ਇਵੇਂ ਪਾਵਰਕੌਮ ਦੇ ਵੰਡ ਘਾਟੇ ਜਿਨ੍ਹਾਂ ਵਿਚ ਮੁੱਖ ਤੌਰ ਤੇ ਬਿਜਲੀ ਚੋਰੀ ਸ਼ਾਮਲ ਹੁੰਦੀ ਹੈ, ਵਿੱਚ ਵੀ ਹਲਕਾ ਲੰਬੀ ਮੋਹਰੀ ਹੈ। ਡਿਵੀਜ਼ਨ ਲੰਬੀ ਵਿਚ ਸਾਲ 2015-16 ਵਿਚ ਵੰਡ ਘਾਟੇ 32 ਫੀਸਦੀ ਸਨ ਜੋ ਕਿ ਸਾਲ 2016-17 (ਸਤੰਬਰ ਤੱਕ) ਵਿਚ ਵੱਧ ਕੇ 47 ਫੀਸਦੀ ਹੋ ਗਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਵਿਚ ਐਤਕੀਂ ਸਤੰਬਰ ਤੱਕ ਵੰਡ ਘਾਟੇ 37 ਫੀਸਦੀ ਹੋ ਗਏ ਹਨ ਜੋ ਕਿ ਲੰਘੇ ਮਾਲੀ ਵਰ੍ਹੇ ਦੌਰਾਨ 28.94 ਫੀਸਦੀ ਸਨ। ਪਾਵਰਕੌਮ ਨੇ ਪੰਜਾਬ ਚੋਣਾਂ ਕਰਕੇ ਛਾਪੇਮਾਰੀ ਵੀ ਘਟਾ ਦਿੱਤੀ ਹੈ। ਪੰਜਾਬ ਵਿਚ ਸਾਲ 2015-16 ਦੇ ਸਤੰਬਰ ਮਹੀਨੇ ਤੱਕ ਪੰਜਾਬ ਵਿਚ 126 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਸੀ ਜਦੋਂ ਕਿ ਐਤਕੀਂ ਸਾਲ 2016-17 ਦੇ ਸਤੰਬਰ ਮਹੀਨੇ ਤੱਕ ਸਿਰਫ਼ 86 ਕਰੋੜ ਦੀ ਬਿਜਲੀ ਚੋਰੀ ਫੜੀ ਹੈ।
ਪੱਛਮੀ ਜ਼ੋਨ ਬਠਿੰਡਾ ਜਿਸ ਵਿਚ ਬਾਦਲਾਂ ਦੇ ਹਲਕੇ ਪੈਂਦੇ ਹਨ, ਵਿੱਚ ਪਿਛਲੇ ਵਰ੍ਹੇ ਸਤੰਬਰ ਤੱਕ 32 ਕਰੋੜ ਦੀ ਅਤੇ ਚਾਲੂ ਮਾਲੀ ਵਰ੍ਹੇ ਦੇ ਸਤੰਬਰ ਮਹੀਨੇ ਤੱਕ ਸਿਰਫ਼ 13 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਹੈ। ਪੱਛਮੀ ਜ਼ੋਨ ਵਿਚ ਕਰੀਬ 236 ਕਰੋੜ ਦੀ ਬਕਾਇਆ ਰਾਸ਼ੀ ਖੜ੍ਹੀ ਹੈ। ਚੋਣਾਂ ਕਰਕੇ ਵਰਤੀ ਢਿੱਲ ਵਜੋਂ ਖਪਤਕਾਰਾਂ ਵੱਲ ਚਾਲੂ ਮਾਲੀ ਵਰ੍ਹੇ ਦੇ ਸਤੰਬਰ ਮਹੀਨੇ ਤੱਕ 1195 ਕਰੋੜ ਰੁਪਏ ਹੋ ਗਈ ਹੈ ਜੋ ਕਿ ਪਿਛਲੇ ਮਾਲੀ ਵਰ੍ਹੇ ਦੇ ਸਤੰਬਰ ਤੱਕ 937 ਕਰੋੜ ਰੁਪਏ ਸੀ। ਚੋਣਾਂ ਵਾਲੇ ਦਿਨਾਂ ਵਿਚ ਤਾਂ ਬਿਜਲੀ ਚੋਰਾਂ ਨੂੰ ਮੌਜ ਲੱਗੀ ਰਹੀ। ਐਂਪਲਾਈਜ਼ ਜੁਆਇੰਟ ਫੋਰਮ ਦੇ ਜਨਰਲ ਸਕੱਤਰ ਬਲਜੀਤ ਸਿੰਘ ਬੋਦੀਵਾਲਾ ਦਾ ਕਹਿਣਾ ਸੀ ਕਿ ਸਿਆਸੀ ਮੁਲਾਹਜ਼ੇ ਪੂਰਨ ਲਈ ਮੈਨੇਜਮੈਂਟ ਨੇ ਪਾਵਰਕੌਮ ਦੇ ਹਿੱਤਾਂ ਦੀ ਬਲੀ ਦੇ ਦਿੱਤੀ ਹੈ।
ਪਾਵਰਕੌਮ ਦੇ ਡਾਇਰੈਕਟਰ (ਵੰਡ) ਕੇ. ਐਲ. ਸ਼ਰਮਾ ਦਾ ਕਹਿਣਾ ਹੈ ਕਿ ਹਮੇਸ਼ਾ ਹੀ ਪਾਵਰਕੌਮ ਵੱਲੋਂ ਮਾਲੀ ਵਰ੍ਹੇ ਦੇ ਅਖੀਰਲੇ ਦੋ ਮਹੀਨਿਆਂ ਵਿਚ ਮੁਹਿੰਮ ਚਲਾ ਕੇ ਵਸੂਲੀ ਕੀਤੀ ਜਾਂਦੀ ਹੈ ਅਤੇ ਚੋਣਾਂ ਕਰਕੇ ਵਸੂਲੀ ਪ੍ਰਭਾਵਤ ਨਹੀਂ ਹੋਈ ਹੈ। 500 ਕਰੋੜ ਦੀ ਬਕਾਇਆ ਰਾਸ਼ੀ ਤਾਂ ਇਕੱਲੇ ਸਰਕਾਰੀ ਵਿਭਾਗਾਂ ਦੀ ਹੈ। ਹੁਣ ਵਸੂਲੀ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।