ਭਾਈ ਮੋਹਕਮ ਸਿੰਘ ਵਲੋਂ ਦਿੱਲੀ ਕਮੇਟੀ ਚੋਣਾਂ ‘ਚ ਬਾਦਲਾਂ ਨੂੰ ਹਰਾਉਣ ਦੀ ਅਪੀਲ

ਭਾਈ ਮੋਹਕਮ ਸਿੰਘ ਵਲੋਂ ਦਿੱਲੀ ਕਮੇਟੀ ਚੋਣਾਂ ‘ਚ ਬਾਦਲਾਂ ਨੂੰ ਹਰਾਉਣ ਦੀ ਅਪੀਲ

ਅੰਮ੍ਰਿਤਸਰ/ਬਿਊਰੋ ਨਿਊਜ਼ :
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਡੇਰੇ ਦੀ ਹਮਾਇਤ ਪ੍ਰਾਪਤ ਕਰਨ ਮਗਰੋਂ ‘ਡੇਰਾ ਸਿਰਸਾ ਅਕਾਲੀ ਦਲ’ ਦਾ ਨਾਂ ਦਿੰਦਿਆਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸਲਾਹ ਦਿੱਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਦੇਣ। ਉਨ੍ਹਾਂ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਲ ਨੂੰ ਵੋਟਾਂ ਨਾ ਪਾਉਣ ਅਤੇ ਉਨ੍ਹਾਂ ਨੂੰ ਬੇਰੰਗ ਵਾਪਸ ਭੇਜਣ। ਇੱਕ ਬਿਆਨ ਵਿੱਚ ਭਾਈ ਮੋਹਕਮ ਸਿੰਘ ਨੇ ਦਿੱਲੀ ਦੇ ਸੰਤਾਂ-ਮਹਾਂਪੁਰਸ਼ਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਨਕਾਰ ਕੇ ਪੰਥਕ ਪ੍ਰੰਪਰਾਵਾਂ ‘ਤੇ ਪਹਿਰਾ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਖ਼ਤ ਸਾਹਿਬਾਨਾਂ ਦੀ ਮਾਣ ਮਰਿਆਦਾ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ  ਵੱਡੀ ਢਾਹ ਲਾਈ ਹੈ ਪਰ ਇਨ੍ਹਾਂ ਦੀਆਂ ਆਪਣੀਆਂ ਜਾਇਦਾਦਾਂ ਤੇ ਹੋਰ ਵਸੀਲਿਆਂ ਵਿੱਚ ਨਿਰੰਤਰ ਵਾਧਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਰ-ਵਾਰ ਹੋਣਾ ਵੀ ਸਾਬਿਤ ਕਰਦਾ ਹੈ ਕਿ ਇਸ ਪਿੱਛੇ ਕੋਈ ਡੂੰਘੀ ਸਾਜਿਸ਼ ਹੈ, ਜਿਸ ਨੂੰ ਬੇਨਿਕਾਬ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 96 ਥਾਵਾਂ ‘ਤੇ ਬੇਅਦਬੀ ਹੋਈ ਹੈ ਪਰ ਕਿਸੇ ਵੀ ਕਥਿਤ ਦੋਸ਼ੀ ਨੂੰ ਫੜਿਆ ਨਹੀਂ ਗਿਆ।