ਡੇਰਾ ਸਿਰਸਾ ਦੀ ਅਕਾਲੀ ਦਲ ਨੂੰ ਹਮਾਇਤ ‘ਤੇ ਜਥੇਦਾਰਾਂ ਨੇ ਧਾਰੀ ਚੁੱਪ

ਡੇਰਾ ਸਿਰਸਾ ਦੀ ਅਕਾਲੀ ਦਲ ਨੂੰ ਹਮਾਇਤ ‘ਤੇ ਜਥੇਦਾਰਾਂ ਨੇ ਧਾਰੀ ਚੁੱਪ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਪ੍ਰਾਪਤ ਕਰ ਕੇ ਹੁਕਮਨਾਮੇ ਦੀ ਉਲੰਘਣਾ ਦੇ ਮਾਮਲੇ ਵਿੱਚ ਤਖ਼ਤਾਂ ਦੇ ਜਥੇਦਾਰਾਂ ਨੇ ਚੁੱਪ ਧਾਰ ਰੱਖੀ ਜਦੋਂ ਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂਆਂ ਨੇ ਡੇਰਾ ਸਿਰਸਾ ਵਿੱਚ ਜਾ ਕੇ ਅਤੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਡੇਰੇ ਦੀ ਹਮਾਇਤ ਪ੍ਰਾਪਤ ਕੀਤੀ ਹੈ। ਸਿੱਖ ਜਗਤ ਵੱਲੋਂ ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਦਖ਼ਲ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਜਥੇਦਾਰ ਚੁੱਪ ਹਨ।
ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਸਮੇਤ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਜਥੇਦਾਰਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਹਨ। ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ ਦੇ ਮੋਬਾਈਲ ਫੋਨ ਨਿਰੰਤਰ ਬੰਦ ਆ ਰਹੇ ਸਨ। ਗਿਆਨੀ ਇਕਬਾਲ ਸਿੰਘ ਦੇ ਫੋਨ ਦੀ ਰਿੰਗ ਵੱਜਦੀ ਰਹੀ ਪਰ ਜਵਾਬ ਨਹੀ ਮਿਲਿਆ। ਇਸੇ ਤਰ੍ਹਾਂ ਗਿਆਨੀ ਗੁਰਮੁਖ ਸਿੰਘ ਦੇ ਸਮਰਥਕ ਨੇ ਫੋਨ ਉੱਤੇ ਆਖਿਆ ਕਿ ਉਹ ਇੱਥੇ ਨਹੀਂ ਹਨ।
ਇੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੁੱਦੇ ਉੱਤੇ ਚੁੱਪ ਧਾਰ ਰੱਖੀ। ਇਸੇ ਤਰ੍ਹਾਂ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਬਾਬਾ  ਹਰਨਾਮ ਸਿੰਘ ਖਾਲਸਾ ਨੇ ਵੀ ਇਸ ਮੁੱਦੇ ਉੱਤੇ ਚੁੱਪ ਧਾਰੀ ਹੋਈ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦੇ ਮੁੱਦੇ ਤੇ ਉਨ੍ਹਾਂ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾਣ ਦਾ ਰੁਝਾਨ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਜੋ ਹੁਣ ‘ਆਪ’ ਵਿੱਚ ਸ਼ਾਮਲ ਹਨ, ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਨੂੰ ਤਿਲਾਂਜਲੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵਲੋਂ ਡੇਰਾ ਸਿਰਸਾ ਦੀ ਹਮਾਇਤ ਪ੍ਰਾਪਤ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਨਾ ਡੇਰੇ ਦੀ ਪੁਸ਼ਤਪਨਾਹੀ ਕਰਨਾ ਹੈ। ਉਨ੍ਹਾਂ ਆਖਿਆ ਕਿ ਸੰਤ ਸਮਾਜ ਵੱਲੋਂ ਅਜਿਹੀ ਸਿਆਸੀ ਧਿਰ ਨੂੰ ਹਮਾਇਤ ਦੇਣਾ ਸ਼ਰੇਆਮ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਚੁਣੌਤੀ ਹੈ।