ਸ਼ਰਾਬ ਮਾਮਲੇ ਨੂੰ ਲੈ ਕੇ ਕਾਂਗਰਸੀ ਸਰਪੰਚ ਦੇ ਸਾਥੀਆਂ ਦਾ ਹੁੜਦੰਗ

ਸ਼ਰਾਬ ਮਾਮਲੇ ਨੂੰ ਲੈ ਕੇ ਕਾਂਗਰਸੀ ਸਰਪੰਚ ਦੇ ਸਾਥੀਆਂ ਦਾ ਹੁੜਦੰਗ

ਕੈਪਸ਼ਨ-ਕਾਂਗਰਸੀ ਸਰਪੰਚ ਵੱਲੋਂ ਪਾੜੀ ਹੋਈ ਵਰਦੀ ਸਣੇ ਚੌਕੀ ਦੋਦਾ ਦਾ ਸਿਪਾਹੀ ਗੁਰਸ਼ਰਨ ਸਿੰਘ।
ਪੁਲੀਸ ਕਰਮੀ ਦੀ ਵਰਦੀ ਪਾੜੀ, ਚੌਕੀ ਦੀ ਕੀਤੀ ਭੰਨ-ਤੋੜ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ :
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਤੇ ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਸਾਥੀ ਤੇ ਪਿੰਡ ਦੋਦਾ ਦੇ ਸਰਪੰਚ ਛਿੰਦਰ ਸਿੰਘ ਉਰਫ ਛਿੰਦਾ ਭੱਟੀ ਅਤੇ ਉਸ ਦੇ ਕਰੀਬ ਦੋ ਸੌ ਸਾਥੀਆਂ ਨੇ ਦੋਦਾ ਦੀ ਪੁਲੀਸ ਚੌਕੀ ਉਪਰ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਚੌਕੀ ਵਿੱਚ ਮੌਜੂਦ ਇਕ ਪੁਲੀਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ, ਕੁੱਟਮਾਰ ਕੀਤੀ ਅਤੇ ਸਾਮਾਨ ਦੀ ਭੰਨ ਤੋੜ ਕੀਤੀ।
ਸੀਨੀਅਰ ਪੁਲੀਸ ਕਪਤਾਨ ਧਰੁਮਣ ਨਿੰਬਲੇ ਨੇ ਦੱਸਿਆ ਕਿ ਸਰਪੰਚ ਛਿੰਦਰ ਸਿੰਘ ਨੇ ਚੌਕੀ ਵਿੱਚ ਜਾ ਕੇ ਉੱਥੇ ਮੌਜੂਦ ਸਿਪਾਹੀ ਗੁਰਸ਼ਰਨ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਮੁਨਸ਼ੀ ਹਰਭਗਵਾਨ ਸਿੰਘ ਨਾਲ ਖਿੱਚ ਧੂਹ ਕੀਤੀ। ਉਨ੍ਹਾਂ ਦੱਸਿਆ ਕਿ ਸਰਪੰਚ ਇਸ ਗੱਲ ਤੋਂ ਖਫ਼ਾ ਸੀ ਕਿ ਪੁਲੀਸ ਪਿੰਡ ਵਿੱਚ ਨਾਜਾਇਜ਼ ਸ਼ਰਾਬ ਫੜਨ ਲਈ ਛਾਪੇ ਕਿਉਂ ਮਾਰਦੀ ਹੈ ਅਤੇ ਸ਼ਰਾਬ ਫੜਨ ਵੇਲੇ ਉਸ ਨੂੰ ਨਾਲ ਕਿਉਂ ਨਹੀਂ ਰੱਖਦੀ। ਪੁਲੀਸ ਮੁਖੀ ਨੇ ਦੱਸਿਆ ਕਿ ਪੁਲੀਸ ਨੂੰ ਸੂਤਰਾਂ ਜਾਂ ਚੋਣ ਕਮਿਸ਼ਨ ਰਾਹੀਂ ਜਦੋਂ ਕਿਤੇ ਨਾਜਾਇਜ਼ ਸ਼ਰਾਬ ਹੋਣ ਦਾ ਪਤਾ ਲਗਦਾ ਹੈ ਤਾਂ ਉਹ ਤੁਰੰਤ ਛਾਪਾ ਮਾਰਦੇ ਹਨ। ਇਸ ਲਈ ਸਰਪੰਚ ਨੂੰ ਨਾਲ ਲੈ ਕੇ ਜਾਣਾ ਸੰਭਵ ਨਹੀਂ ਹੁੰਦਾ ਪਰ ਸਰਪੰਚ ਪੁਲੀਸ ਉਪਰ ਧੱਕੇ ਨਾਲ ਦਬਾਅ ਬਣਾਉਣਾ ਚਾਹੁੰਦਾ ਸੀ ਅਤੇ ਇਸੇ ਕਰਕੇ ਸਰਪੰਚ ਨੇ ਇਹ ਗੈਰਕਾਨੂੰਨੀ ਹਰਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਗੁਰਸ਼ਰਨ ਸਿੰਘ ਦੀ ਕੁੱਟ-ਮਾਰ ਵੀ ਕੀਤੀ ਗਈ ਤੇ ਉਹ ਇਸ ਵੇਲੇ ਸਿਵਲ ਹਸਪਤਾਲ ਦੋਦਾ ਵਿੱਚ ਦਾਖਲ ਹੈ। ਪੁਲੀਸ ਨੇ ਇਸ ਸਬੰਧੀ ਸਰਪੰਚ ਛਿੰਦਰ ਸਿੰਘ ਭੱਟੀ, ਜਾਨੀ, ਅਮਰੀਕ, ਮਨੀ, ਰਾਜਨ, ਖੀਰਾ ਸਮੇਤ 200 ਅਣਪਛਾਤੇ ਵਿਅਕਤੀਆਂ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਸਰਪੰਚ ਛਿੰਦਰ ਸਿੰਘ ਪਿੰਡ ਵਾਸੀਆਂ ਨਾਲ ਚੌਕੀ ਦੋਦਾ ਵਿੱਚ ਪਿੰਡ ਦੇ ਕਿਸੇ ਮਾਮਲੇ ਸਬੰਧੀ ਗੱਲਬਾਤ ਕਰਨ ਗਿਆ ਸੀ। ਅੱਗੋਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਜ਼ਲੀਲ ਕੀਤਾ ਅਤੇ ਬਾਅਦ ਵਿੱਚ ਝੂਠਾ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਤਿੰਨ ਦਿਨਾਂ ਵਿਚ ਪੁਲੀਸ ਨੇ ਇਨਸਾਫ ਨਾ ਦਿੱਤਾ ਤਾਂ ਉਹ ਪੁਲੀਸ ਦੇ ਖਿਲਾਫ ਸੰਘਰਸ਼ ਵਿੱਢ ਦੇਣਗੇ।