ਜਗਮੀਤ ਬਰਾੜ ਵਿਧਾਨ ਸਭਾ ਨਹੀਂ ਪਰ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਲੜਨਗੇ

ਜਗਮੀਤ ਬਰਾੜ ਵਿਧਾਨ ਸਭਾ ਨਹੀਂ  ਪਰ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਲੜਨਗੇ

ਕੈਪਸ਼ਨ-ਬਰਨਾਲਾ ਵਿੱਚ ਪਾਰਟੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਟੀਐਮਸੀ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ।  
ਬਰਨਾਲਾ/ਬਿਊਰੋ ਨਿਊਜ਼ :
ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਨੇ ਕਿਹਾ ਕਿ ਉਹ ਖ਼ੁਦ ਸੂਬੇ ਵਿਚੋਂ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਨਹੀਂ ਲੜਨਗੇ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇ ਕੇ ਖਾਲੀ ਕੀਤੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਜ਼ਿਮਣੀ ਚੋਣ ਜ਼ਰੂਰ ਲੜਨਗੇ। ਉਨ੍ਹਾਂ ਨੇ ਇੱਥੇ ਯੂਥ ਕਾਂਗਰਸੀ ਆਗੂ ਗੁਰਕੀਮਤ ਸਿੰਘ ਸਿੱਧੂ ਨੂੰ ਟੀਐਮਸੀ ਵਿੱਚ ਸ਼ਾਮਲ ਕਰਨ ਲਈ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਟੀਐਮਸੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਹਿੰਦੇ ਉਮੀਦਵਾਰਾਂ ਦੀ ਸੂਚੀ 11 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ।  ਜਦਕਿ ਟੀਐਮਸੀ ਵੱਲੋਂ ਨਾ ਲੜੀਆਂ ਜਾਣ ਵਾਲੀਆਂ ਸੀਟਾਂ ‘ਤੇ  ‘ਆਪ’ ਦੀ ਲੀਡਰਸ਼ਿਪ ਵੱਲੋਂ ਅਪੀਲ ਕਰਨ ‘ਤੇ ਪਾਰਟੀ ‘ਆਪ’ ਉਮੀਦਵਾਰਾਂ ਦੀ ਹਮਾਇਤ ਕਰੇਗੀ।
ਉਨ੍ਹਾਂ ਕਿਹਾ ਕਿ ਟੀਐਮਸੀ ਵੱਲੋਂ ਹੁਣ ਤੱਕ ਪੰਜ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ 11 ਉਮੀਦਵਾਰਾਂ ਦੀ ਸੂਚੀ 11 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਪਾਰਟੀ ਉਮੀਦਵਾਰ ਦੀ ਗਿਣਤੀ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ। ਇਹ ਜ਼ਰੂਰ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਨਾ ਲੜੀਆਂ ਜਾਣ ਵਾਲੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਵੱਲੋਂ ਅਪੀਲ ਆਉਣ ‘ਤੇ ‘ਆਪ’ ਉਮੀਦਵਾਰਾਂ ਦੀ ਹਮਾਇਤ ਨੂੰ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਵੋਟਰਾਂ/ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਹ ਸੰਸਦ ਵਿੱਚ ਵੀ ਨਹੀਂ ਗਏ। ਉਨ੍ਹਾਂ ਕਿਹਾ ਕਿ ਕੈਪਟਨ ਸਭ ਤੋਂ ਘੱਟ ਹਾਜ਼ਰੀ ਵਾਲੇ ਸੰਸਦ ਮੈਂਬਰਾਂ ਵਿਚ ਸ਼ਾਮਲ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਜਰਨਲ ਸਕੱਤਰ ਗੁਰਕੀਮਤ ਸਿੰਘ ਸਿੱਧੂ ਨੂੰ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਕਰਦਿਆਂ  ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੁਰਕੀਮਤ ਵਰਗੇ ਜੂਝਾਰੂ  ਨੌਜਵਾਨ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਕਦਰ ਨਹੀਂ ਕੀਤੀ ਗਈ। ਇਸ ਗੱਲ ਤੋਂ ਖਫ਼ਾ ਹੋ ਕੇ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖੀ ਹੈ। ਉਨ੍ਹਾਂ ਨੇ ਗੁਰਕੀਮਤ ਦੀ ਆਮਦ ਨੂੰ ਇਸ ਇਲਾਕੇ ਵਿੱਚ ਟੀਐਮਸੀ ਲਈ ਭਰਪੂਰ ਲਾਹੇਵੰਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਹੋਣ ਵਾਲੀ ਸੂਚੀ ਵਿੱਚ ਇਸ ਨੌਜਵਾਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।