ਬਾਦਲ ਸਰਕਾਰ ਨੂੰ ਝਟਕਾ-ਚਾਰ ਆਈਜੀ ਤੇ ਦਸ ਐਸਐਸਪੀ ਦਾ ਤਬਾਦਲਾ

ਬਾਦਲ ਸਰਕਾਰ ਨੂੰ ਝਟਕਾ-ਚਾਰ ਆਈਜੀ ਤੇ ਦਸ ਐਸਐਸਪੀ ਦਾ ਤਬਾਦਲਾ

ਅੰਮ੍ਰਿਤਸਰ ਦੀ ਲੋਕ ਸਭਾ ਜ਼ਿਮਨੀ ਚੋਣ ਵੀ 4 ਫਰਵਰੀ
ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਨੇ ਬਾਦਲ ਸਰਕਾਰ ਨੂੰ ਅੱਜ ਇਕ ਹੋਰ ਝਟਕਾ ਦਿੰਦਿਆਂ ਪੁਲੀਸ ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਤਬਾਦਲੇ ਕਰ ਦਿੱਤੇ ਹਨ। ਚੋਣ ਕਮਿਸ਼ਨ ਵੱਲੋਂ ਦਿੱਲੀ ਤੋਂ ਜਾਰੀ ਹੁਕਮਾਂ ਵਿਚ ਪੁਲੀਸ ਜ਼ੋਨਾਂ ਦੇ ਦੋ ਆਈਜੀ, ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ, ਬਠਿੰਡਾ ਦੇ ਆਈਜੀ ਇੰਟੈਲੀਜੈਂਸ (ਕੁੱਲ ਚਾਰ ਆਈਜੀ) ਅਤੇ 10 ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਤੁਰੰਤ ਪ੍ਰਭਾਵ ਤੋਂ ਤਬਦੀਲ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਉਪ ਚੋਣ ਲਈ ਵੋਟਾਂ ਵੀ 4 ਫਰਵਰੀ ਨੂੰ ਹੀ ਪੈਣਗੀਆਂ। ਇਸ ਲਈ 11 ਜਨਵਰੀ ਤੋਂ 18 ਜਨਵਰੀ ਤਕ ਹੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਤੇ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਅੰਮ੍ਰਿਤਸਰ ਲੋਕ ਸਭਾ ਸੀਟ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਵਾਈਐਲ ਨਹਿਰ ਦੇ ਮੁੱਦੇ ‘ਤੇ ਅਸਤੀਫਾ ਦੇਣ ਕਾਰਨ ਖਾਲ੍ਹੀ ਹੋ ਗਈ ਸੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2014 ਦੀਆਂ ਆਮ ਚੋਣਾਂ ਦੌਰਾਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸਵਾ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅੰਮ੍ਰਿਤਸਰ ਸੰਸਦੀ ਸੀਟ ਵੀ ਭਾਜਪਾ ਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਬਣ ਸਕਦੀ ਹੈ ਕਿਉਂਕਿ ਭਾਜਪਾ ਵੱਲੋਂ ਚਾਰ ਵਾਰ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਇਸ ਵਾਰ ਕਾਂਗਰਸ ਵਿਚ ਸ਼ਾਮਲ ਹੋ ਕੇ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੀ ਚੋਣ ਲੜਨ ਦੀ ਤਿਆਰੀ ਵਿਚ ਹਨ।
ਕਮਿਸ਼ਨ ਦੇ ਹੁਕਮਾਂ ਮੁਤਾਬਕ ਪਟਿਆਲਾ ਜ਼ੋਨ ਦੇ ਵਿਵਾਦਤ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਥਾਂ ਬੀਥ ਚੰਦਰ ਸ਼ੇਖਰ ਨੂੰ ਇਸ ਜ਼ੋਨ ਦਾ ਨਵਾਂ ਆਈਜੀ ਨਿਯੁਕਤ ਕੀਤਾ ਗਿਆ ਹੈ। ਬਠਿੰਡਾ ਜ਼ੋਨ ਦੇ ਆਈਜੀ ਸਤੀਸ਼ ਕੁਮਾਰ ਅਸਥਾਨਾ ਦੀ ਥਾਂ ਨਿਲੱਭ ਕਿਸ਼ੋਰ ਨੂੰ ਆਈਜੀ ਬਠਿੰਡਾ ਜ਼ੋਨ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਖੇਤਰ ਵਿਚ ਹੀ ਸਭ ਤੋਂ ਜ਼ਿਆਦਾ ਸਮਾਂ ਸੇਵਾ ਨਿਭਾਉਣ ਵਾਲੇ ਆਈਜੀ ਇੰਟੈਲੀਜੈਂਸ ਤੇ ਕਾਊਂਟਰ ਇੰਟੈਲੀਜੈਂਸ ਜਤਿੰਦਰ ਕੁਮਾਰ ਜੈਨ ਦੀ ਥਾਂ ਅਮਿਤ ਪ੍ਰਸ਼ਾਦ ਦੀ ਨਿਯੁਕਤੀ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਲੋਕ ਨਾਥ ਆਂਗਰਾ ਦੀ ਥਾਂ ਆਈਜੀ ਨਗੇਸ਼ਵਰ ਰਾਓ ਨੂੰ ਲਾਇਆ ਗਿਆ ਹੈ। ਕਮਿਸ਼ਨ ਵੱਲੋਂ ਜਿਹੜੇ ਪੁਲੀਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਉਹ ਸਿੱਧੇ ਆਈਪੀਐਸ ਭਰਤੀ ਹੋਏ ਹਨ। ਬਦਲੇ ਹੋਏ ਪੁਲੀਸ ਅਫ਼ਸਰਾਂ ਵਿੱਚ ਪੀਪੀਐਸ ਤੋਂ ਪਦਉਨਤ ਹੋ ਕੇ ਆਈਪੀਐਸ ਵਜੋਂ ਤਰੱਕੀ ਲੈਣ ਵਾਲੇ ਸ਼ਾਮਲ ਹਨ।
ਚੋਣ ਕਮਿਸ਼ਨ ਵੱਲੋਂ ਜਿਹੜੇ ਆਈਪੀਐਸ ਅਫ਼ਸਰਾਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਵਜੋਂ ਤਾਇਨਾਤ ਕੀਤਾ ਹੈ ਉਨ੍ਹਾਂ ਵਿੱਚ ਧਰੁਮਨ ਐਚਥ ਨਿੰਬਾਲੇ ਨੂੰ ਐਸਐਸਪੀ ਮੁਕਤਸਰ, ਹਰਜੀਤ ਸਿੰਘ ਨੂੰ ਐਸਐਸਪੀ ਤਰਨ ਤਾਰਨ, ਗੌਰਵ ਗਰਗ ਨੂੰ ਐਸਐਸਪੀ ਫਿਰੋਜ਼ਪੁਰ, ਐਸ਼ ਭੂਪਤੀ ਨੂੰ ਐਸਐਸਪੀ ਪਟਿਆਲਾ,  ਜੇਥ ਐਲਨਚੈਲੀਆ ਨੂੰ ਐਸਐਸਪੀ ਅੰਮ੍ਰਿਤਸਰ (ਦਿਹਾਤੀ), ਦੀਪਕ ਹਿਲੋਰੀ ਨੂੰ ਐਸਐਸਪੀ ਬਟਾਲਾ, ਪਾਟਿਲ ਕੇਤਨ ਬਾਲੀ ਰਾਮ ਨੂੰ ਐਸਐਸਪੀ ਫਾਜ਼ਿਲਕਾ, ਨਾਨਕ ਸਿੰਘ ਨੂੰ  ਐਸਐਸਪੀ ਫ਼ਰੀਦਕੋਟ, ਸ੍ਰੀਮਤੀ ਅਲਕਾ ਮੀਨਾ ਨੂੰ ਐਸਐਸਪੀ ਕਪੂਰਥਲਾ ਅਤੇ ਵਿਵੇਕਸ਼ੀਲ ਸੋਨੀ ਨੂੰ ਐਸਐਸੀ ਮਾਨਸਾ ਤਾਇਨਾਤ ਕੀਤਾ ਗਿਆ ਹੈ। ਗ਼ੌਰਤਲਬ ਹੈ ਕਿ ਪਟਿਆਲਾ, ਮੁਕਤਸਰ, ਮਾਨਸਾ, ਅੰਮ੍ਰਿਤਸਰ (ਦਿਹਾਤੀ), ਬਟਾਲਾ, ਫਾਜ਼ਿਲਕਾ, ਫ਼ਰੀਦਕੋਟ ਸਮੇਤ ਬਦਲੇ ਗਏ ਹੋਰ ਜ਼ਿਲ੍ਹਿਆਂ ਦੇ ਐਸਐਸਪੀਜ਼ ਤੇ ਜ਼ੋਨਲ ਆਈਜੀ ਬਾਦਲ ਸਰਕਾਰ ਦੇ ਚਹੇਤੇ ਮੰਨੇ ਜਾਂਦੇ ਸਨ।
ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਆਈਪੀਐਸ ਅਧਿਕਾਰੀਆਂ ਦੀ ਸੂਚੀ ਲੈ ਲਈ ਸੀ। ਕਮਿਸ਼ਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਪੁਲੀਸ ਅਫ਼ਸਰਾਂ ਦੇ ਤਬਾਦਲਿਆਂ ਦੇ ਮਾਮਲੇ ਵਿਚ ਵਿਚਾਰ ਕੀਤਾ ਜਾ ਰਿਹਾ ਸੀ। ਕਮਿਸ਼ਨ ਦੇ ਅਧਿਕਾਰੀਆਂ ਕਹਿਣਾ ਹੈ ਕਿ ਪਹਿਲੀ ਸੂਚੀ ਵਿਚ ਕੁੱਝ ਜ਼ਿਆਦਾ ਹੀ ਵਿਵਾਦਤ ਤੇ ਸੰਵੇਦਨਸ਼ੀਲ ਖੇਤਰਾਂ ਦੇ ਜ਼ਿਲ੍ਹਾ ਪੁਲੀਸ ਮੁਖੀ ਤਬਦੀਲ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੀ ਪੜਤਾਲ ਦੇ ਆਧਾਰ ‘ਤੇ ਕੁੱਝ ਹੋਰ ਅਫਸਰਾਂ ਦੇ ਤਬਾਦਲੇ ਕੀਤੇ ਜਾ ਸਕਦੇ ਹਨ। ਕਮਿਸ਼ਨ ਵੱਲੋਂ ਜਿਹੜੇ ਅਫ਼ਸਰ ਤਾਇਨਾਤ ਕੀਤੇ ਗਏ ਹਨ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਨੁੱਕਰੇ ਲਾਇਆ ਹੋਇਆ ਸੀ।