ਹਾਕਮ ਧਿਰ ਵੱਲੋਂ ਸਰਕਾਰੀ ਖ਼ਰਚੇ ‘ਤੇ ਕੀਤੀ ਇਸ਼ਤਿਹਾਰਬਾਜ਼ੀ ਦਾ ਮਿਟੇਗਾ ਨਾਮੋ-ਨਿਸ਼ਾਨ

ਹਾਕਮ ਧਿਰ ਵੱਲੋਂ ਸਰਕਾਰੀ ਖ਼ਰਚੇ ‘ਤੇ ਕੀਤੀ ਇਸ਼ਤਿਹਾਰਬਾਜ਼ੀ ਦਾ ਮਿਟੇਗਾ ਨਾਮੋ-ਨਿਸ਼ਾਨ

ਬਾਦਲਾਂ ਦੀ ਤੀਰਥ ਯਾਤਰਾ ਵੀ ‘ਰੁਕੀ’
ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਨੂੰ ਚੋਣਾਂ ਦੌਰਾਨ ਹਿੰਸਾ ਹੋਣ ਦਾ ਵੀ ਖ਼ਦਸ਼ਾ ਹੈ। ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਮਿਲੀਆਂ ਰਿਪੋਰਟਾਂ ਮੁਤਦਰ 6 ਹਜ਼ਾਰ ਥਾਵਾਂ ਅਜਿਹੀਆਂ ਹਨ ਜਿੱਥੇ ਹਿੰਸਾ ਹੋ ਸਕਦੀ ਹੈ ਅਤੇ ਇਨ੍ਹਾਂ ਥਾਵਾਂ ‘ਤੇ ਨੀਮ ਸੁਰੱਖਿਆ ਬਲਾਂ ਅਤੇ ਪੰਜਾਬ ਪੁਲੀਸ ਦੀ ਤਾਇਨਾਤੀ ਜ਼ਿਆਦਾ ਕਰਨ ਦੇ ਨਾਲ ਨਾਲ ਚੌਕਸੀ ਵਰਤਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਦੱਸਿਆ ਕਿ ਇਹ ਥਾਵਾਂ ਖਾਸ ਕਰ ਵੱਡੇ ਤੇ ਵਿਵਾਦਤ ਸਿਆਸਤਦਾਨਾਂ ਦੇ ਹਲਕਿਆਂ ਵਿੱਚ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਨੇ ਹਾਕਮ ਧਿਰ ਵੱਲੋਂ ਸਰਕਾਰੀ ਖ਼ਰਚੇ ‘ਤੇ ਕੀਤੀ ਗਈ ਇਸ਼ਤਿਹਾਰਬਾਜ਼ੀ ਦਾ ਨਾਮੋ ਨਿਸ਼ਾਨ ਮਿਟਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਮਨਾਉਣ ਲਈ ਸਰਕਾਰੀ ਖ਼ਰਚੇ ‘ਤੇ ਪਟਨਾ ਸਾਹਿਬ ਅਤੇ ਹੋਰ ਅਸਥਾਨਾਂ ਲਈ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਤੇ ਬੱਸਾਂ ਤੁਰੰਤ ਬੰਦ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਇਹ ਅਮਲ ਅੱਜ ਦੁਪਹਿਰ 12 ਵਜੇ ਤੋਂ ਬਾਅਦ ਨਹੀਂ ਚੱਲੇਗਾ। ਚੋਣ ਜ਼ਾਬਤੇ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੇ ਪ੍ਰੋਗਰਾਮ ਵੀ ਠੁੱਸ ਹੋ ਗਏ।
ਸ੍ਰੀ ਸਿੰਘ ਨੇ ਕਿਹਾ ਚੋਣ ਜ਼ਾਬਤੇ ਦੌਰਾਨ ਕੋਈ ਵੀ ਵਿਅਕਤੀ 50 ਹਜ਼ਾਰ ਰੁਪਏ ਤੋਂ ਜ਼ਿਆਦਾ ਰੁਪਏ ਲੈ ਕੇ ਨਹੀਂ ਚਲ ਸਕਦਾ। ਉਨ੍ਹਾਂ ਕਿਹਾ ਕਿ ਪੈਸੇ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਗਠਿਤ ਉਡਣ ਦਸਤੇ ਅਤੇ ਵਿਸ਼ੇਸ਼ ਟੀਮਾਂ ਵੱਲੋਂ ਆਪਣਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਕਮਿਸ਼ਨ ਵੱਲੋਂ 35 ਵਿਧਾਨ ਸਭਾ ਹਲਕਿਆਂ ‘ਚ ਵੀਵੀਪੀਟੀ ਮਸ਼ੀਨਾਂ ਲਗਾਈਆਂ ਜਾਣਗੀਆਂ ਤਾਂ ਜੋ ਵੋਟਰ ਵੱਲੋਂ ਸਹੀ ਉਮੀਦਵਾਰ ਨੂੰ ਵੋਟ ਪੈਣ ਦੀ ਪੁਸ਼ਟੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ 18 ਜਨਵਰੀ  ਤੋਂ ਰਾਜ ਵਿੱਚ 100 ਤੋਂ ਜ਼ਿਆਦਾ ਚੋਣ ਆਬਜ਼ਰਵਰ ਆਪਣੀ ਡਿਊਟੀ ਸੰਭਾਲ ਲੈਣਗੇ। ਸੰਵੇਦਨਸ਼ੀਲ ਮੰਨੇ ਜਾਣ ਵਾਲੇ ਹਲਕਿਆਂ ਅੰਦਰ ਸਮੁੱਚੇ ਪੋਲਿੰਗ ਬੂਥਾਂ ‘ਤੇ ਵੋਟਾਂ ਵਾਲੇ ਦਿਨ ਲਾਈਵ ਕੈਮਰੇ ਫਿੱਟ ਕੀਤੇ ਜਾਣਗੇ ਤਾਂ ਜੋ ਗ਼ੈਰਕਾਨੂੰਨੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕੇ। ਚੋਣਾਂ ਦੌਰਾਨ ਪੰਜਾਬ ਵਿਚ ਨੀਮ ਸੁਰੱਖਿਆ ਬਲਾਂ ਦੀਆਂ 500 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਨੀਮ ਸੁਰੱਖਿਆ ਬਲਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਸ੍ਰੀ ਸਿੰਘ ਨੇ ਦੱਸਿਆ ਕਿ ਚੋਣਾਂ ਸਬੰਧੀ ਜਾਂ ਅਫ਼ਸਰਾਂ ਵਿਰੁੱਧ ਸ਼ਿਕਾਇਤਾਂ ਦਾ ਨਿਪਟਾਰਾ 24 ਘੰਟਿਆਂ ਦੇ ਅੰਦਰ-ਅੰਦਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 1950 ਨੰਬਰ ਡਾਇਲ ਕਰ ਕੇ ਕੋਈ ਵੀ ਵਿਅਕਤੀ ਸ਼ਿਕਾਇਤ ਦਰਜ ਕਰਾ ਸਕਦਾ ਹੈ। ਇਸੇ ਤਰ੍ਹਾਂ ਸੀਈਓ ਪੰਜਾਬ ਦੀ ਵੈੱਬਸਾਈਟ ‘ਤੇ ਸਮਾਧਾਨ ਪੋਰਟਲ ਵਿਚ ਵੀ ਆਨਲਾਈਨ ਸ਼ਿਕਾਇਤ ਦਰਜ ਕਰਾਈ ਜਾ ਸਕਦੀ ਹੈ। ਕਮਿਸ਼ਨ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਲੰਬੀ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਦੇ ਹਲਕੇ ਜਲਾਲਾਬਾਦ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ (ਸ਼ਹਿਰੀ), ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ, ਵਿਰਸਾ ਸਿੰਘ ਵਲਟੋਹਾ ਦੇ ਹਲਕੇ ਖੇਮਕਰਨ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹਲਕੇ ਪੱਟੀ ‘ਤੇ ਖਾਸ ਨਜ਼ਰ ਹੈ।
ਸਰਕਾਰੀ ਜਹਾਜ਼ਾਂ ਤੇ ਕਾਰਾਂ ‘ਤੇ ਝੂਟੇ ਬੰਦ :
ਚੋਣ ਜ਼ਾਬਤਾ ਲੱਗਣ ਕਰ ਕੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰ ਸਕਣਗੇ। ਮੰਤਰੀਆਂ ਸਮੇਤ ਕੋਈ ਵੀ ਸਿਆਸੀ ਵਿਅਕਤੀ ਸਰਕਾਰੀ ਕਾਰ ਦੀ ਵਰਤੋਂ ਨਹੀਂ ਕਰ ਸਕੇਗਾ। ਸਰਕਾਰੀ ਪੈਸੇ ਨਾਲ ਵਿਕਾਸ ਦੇ ਕੰਮਾਂ ਨੂੰ ਬਰੇਕਾਂ ਲੱਗ ਗਈਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨਾਂ ਦਾ ਅਮਲ ਤਾਂ ਭਾਵੇਂ ਨਿਬੇੜ ਲਿਆ ਸੀ ਪਰ ਉਨ੍ਹਾਂ ਕਈ ਮੀਟਿੰਗਾਂ ਰੱਖੀਆਂ ਹੋਈਆਂ ਸਨ। ਚੋਣ ਜ਼ਾਬਤੇ ਦਾ ਪ੍ਰਛਾਵਾਂ ਇਨ੍ਹਾਂ ਮੀਟਿੰਗਾਂ ‘ਤੇ ਵੀ ਪਵੇਗਾ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਸਰਕਾਰੀ ਖ਼ਰਚੇ ‘ਤੇ ਪਟਨਾ ਸਾਹਿਬ ਰੇਲਾਂ ਤੇ ਬੱਸਾਂ ਭੇਜਣ ਦਾ ਅਮਲ ਰੋਕ ਦਿੱਤਾ ਗਿਆ ਹੈ।