ਲੰਬੀ ਤੋਂ ਬਾਦਲ ਦਾ ਮੁਕਾਬਲਾ ਕਰਨਗੇ ਕੇਜਰੀਵਾਲ ਦੇ ‘ਜਰਨੈਲ’

ਲੰਬੀ ਤੋਂ ਬਾਦਲ ਦਾ ਮੁਕਾਬਲਾ ਕਰਨਗੇ ਕੇਜਰੀਵਾਲ ਦੇ ‘ਜਰਨੈਲ’

ਕੈਪਸ਼ਨ- ਕੋਲਿਆਂਵਾਲੀ ਰੈਲੀ ‘ਚ ਸਟੇਜ ‘ਤੇ ਬਿਰਾਜਮਾਨ ‘ਆਪ’ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ।
ਲੰਬੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਨੇ ਅਕਾਲੀ ਦਲ ਖਿਲਾਫ਼ ਖੁੱਲ੍ਹੀ ਸਿਆਸੀ ਜੰਗ ਦਾ ਐਲਾਨ ਕਰਦਿਆਂ ਸਾਬਕਾ ਪੱਤਰਕਾਰ ਅਤੇ ਰਾਜੌਰੀ ਗਾਰਡਨ (ਦਿੱਲੀ) ਤੋਂ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਉਨ੍ਹਾਂ ਦੇ ਜੱਦੀ ਹਲਕੇ ਲੰਬੀ ਤੋਂ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿਖੇ ਖੇਤਾਂ ਵਿਚ ਪਾਰਟੀ ਦੀ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਧਰ ਬਠਿੰਡਾ ਦਿਹਾਤੀ ਹਲਕੇ ਵਿਚ ਸੰਗਤ ਦਰਸ਼ਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਚਾਹੇ ਆਪਣੀ ਜਿਹੜੀ ਮਰਜ਼ੀ ‘ਤੋਪ’ ਨੂੰ ਹਲਕਾ ਲੰਬੀ ਤੋਂ ਚੋਣ ਮੈਦਾਨ ਵਿੱਚ ਉਤਾਰ ਦੇਵੇ, ਸਭ ਦਾ ਇਸ ਚੋਣ ਅਖਾੜੇ ਵਿੱਚ ਸਿਆਸੀ ਜ਼ੋਰ-ਅਜ਼ਮਾਈ ਲਈ ਨਿੱਘਾ ਸਵਾਗਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਨਾ ਕੇਵਲ ਲੰਬੀ ਸਗੋਂ ਸਮੁੱਚੇ ਪੰਜਾਬ ਵਿੱਚੋਂ ਅਜਿਹੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣਗੇ।
ਸ੍ਰੀ ਕੇਜਰੀਵਾਲ ਨੇ ‘ਪੰਜਾਬ ਇਨਕਲਾਬ ਰੈਲੀ’ ਵਿੱਚ ਮੌਜੂਦ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਜਰਨੈਲ ਸਿੰਘ ਦੀ ਉਮੀਦਵਾਰੀ ਬਾਰੇ ਸਹਿਮਤੀ ਹਾਸਲ ਕੀਤੀ। ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਾ ਦੇਣ ਕਾਰਨ ਰੈਲੀ ਮਲੋਟ-ਗੰਗਾਨਗਰ ਡਿਫੈਂਸ ਸੜਕ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਖੇਤਾਂ ਵਿੱਚ ਕੀਤੀ ਗਈ। ਸ੍ਰੀ ਕੇਜਰੀਵਾਲ ਦੇ ਕਰੀਬ ਸਾਢੇ ਤਿੰਨ ਘੰਟੇ ਦੇਰ ਨਾਲ ਪੁੱਜਣ ‘ਤੇ ਵੀ ਲੋਕ ਰੈਲੀ ਵਿਚ ਉਨ੍ਹਾਂ ਦੀ ਉਡੀਕ ਵਿਚ ਬੈਠੇ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਸ੍ਰੀ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪੱਕੀ ਸੈਟਿੰਗ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਨੂੰ ਲੁੱਟਣ ਲਈ ਵਾਰੀ ਬੰਨ੍ਹੀ ਹੋਈ ਹੈ। ਉਨ੍ਹਾਂ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਨੂੰ ‘ਪੰਜਾਬ ਦਾ ਸ਼ੇਰ’ ਕਰਾਰ ਦਿੰਦਿਆਂ ਕਿਹਾ ਕਿ ਇਹ ਲੜਾਈ ਸਿਰਫ਼ ਜਰਨੈਲ ਸਿੰਘ ਦੀ ਨਹੀਂ ਬਲਕਿ ਹਰ ਉਸ ਵਿਅਕਤੀ ਦੀ ਹੈ ਜਿਹੜਾ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ।
ਜਰਨੈਲ ਸਿੰਘ ਨੇ ‘ਦੇਹਿ ਸ਼ਿਵਾ ਬਰ ਮੋਹੇ..’ਧਾਰਮਿਕ ਸ਼ਬਦ ਨਾਲ ਬਾਦਲਾਂ ਖਿਲਾਫ਼ ਲੜਾਈ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਅੱਜ ਬਾਦਲ, ਨਹੀਂ ਬਦਲਾਅ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ‘ਤੇ ਕੁਸ਼ਤੀ-ਭਲਵਾਨੀ ਦੀਆਂ ‘ਦੰਗਲ’ ਜਿਹੀਆਂ ਫ਼ਿਲਮਾਂ ਬਣਦੀਆਂ ਹਨ, ਜਦਕਿ ਪੰਜਾਬ ‘ਤੇ ਨਸ਼ਿਆਂ ਬਾਰੇ ‘ਉੜਤਾ ਪੰਜਾਬ’ ਜਿਹੀਆਂ ਫ਼ਿਲਮਾਂ ਸੂਬੇ ਦੀ ਹਕੀਕਤ ਬਿਆਨਦੀਆਂ ਹਨ।
‘ਆਪ’ ਦੇ ਇੰਚਾਰਜ ਸੰਜੈ ਸਿੰਘ ਨੇ ਅਕਾਲੀ ਦਲ ‘ਤੇ ਭਗਵੰਤ ਮਾਨ ਦੇ ਦਫ਼ਤਰ ਵਿਚ ਭੰਨ-ਤੋੜ ਕਰਵਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪਾਰਟੀ ਬਾਦਲਾਂ ਦੀ ‘ਧੱਕੇਸ਼ਾਹੀ’ ਤੋਂ ਨਹੀਂ ਡਰੇਗੀ। ਸ੍ਰੀ ਭਗਵੰਤ ਮਾਨ ਨੇ ਵੀ ਆਪਣੀ ਤਕਰੀਰ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਨੂੰ ਤਿੱਖੇ ਰਗੜੇ ਲਗਾਏ। ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ ਨੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ‘ਤੇ ਸ਼ਬਦੀ ਬਾਣ ਸਿੰਨ੍ਹੇ। ਵੱਖ-ਵੱਖ ਉਮੀਦਵਾਰਾਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।