ਐਡਵੋਕੇਟ ਕਲੇਰ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਗੁਰਦੁਆਰਿਆਂ ਅਤੇ ਹੋਰ ਪ੍ਰਬੰਧਕੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਬਣੇ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਨਵੇਂ ਮੈਂਬਰਾਂ ਅਤੇ ਇਸ ਦੇ ਚੇਅਰਮੈਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤੇ ਇਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ।
ਕਮਿਸ਼ਨ ਦੇ ਨਵੇਂ ਚੇਅਰਮੈਨ ਵਜੋਂ ਐਡਵੋਕੇਟ ਸਤਨਾਮ ਸਿੰਘ ਕਲੇਰ ਅਤੇ ਮੈਂਬਰਾਂ ਵਜੋਂ ਐਡਵੋਕੇਟ ਦਲਬੀਰ ਸਿੰਘ ਮਾਹਲ ਤੇ ਐਡਵੋਕੇਟ ਗੁਰਦੇਵ ਸਿੰਘ ਸੋਹਲ ਦੀ ਨਿਯੁਕਤੀ ਹੋਈ ਹੈ। ਐਡਵੋਕੇਟ ਕਲੇਰ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਕਾਨੂੰਨੀ ਸਲਾਹਕਾਰ ਵੀ ਹਨ। ਉਨ੍ਹਾਂ ਨੂੰ ਅੱਜ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਹੈ। ਚੇਅਰਮੈਨ ਦੀ ਚੋਣ ਤੋਂ ਪਹਿਲਾਂ ਨਾਮਜ਼ਦ ਕੀਤੇ ਨਵੇਂ ਮੈਂਬਰਾਂ ਦੀ ਮੀਟਿੰਗ ਜੁਡੀਸ਼ਲ ਕਮਿਸ਼ਨ ਵਿੱਚ ਹੋਈ, ਜਿਸ ਵਿੱਚ ਕਮਿਸ਼ਨ ਦੇ ਮੈਂਬਰ ਦਲਬੀਰ ਸਿੰਘ ਮਾਹਲ ਨੇ ਐਡਵੋਕੇਟ ਕਲੇਰ ਦਾ ਨਾਂ ਪੇਸ਼ ਕੀਤਾ ਅਤੇ ਦੂਜੇ ਮੈਂਬਰ ਗੁਰਦੇਵ ਸਿੰਘ ਸੋਹਲ ਨੇ ਇਸ ਉੱਤੇ ਸਹਿਮਤੀ ਦਿੱਤੀ। ਨਵ-ਨਿਯੁਕਤ ਚੇਅਰਮੈਨ ਅਤੇ ਮੈਂਬਰਾਂ ਨੇ ਕਾਰਜਭਾਰ ਸੰਭਾਲ ਲਿਆ ਤੇ ਕਮਿਸ਼ਨ ਵਿੱਚ ਆਏ ਅਦਾਲਤੀ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ। ਸੂਬਾ ਸਰਕਾਰ ਨੇ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਲਈ 16 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਤਹਿਤ ਦਸ ਦਿਨਾਂ ਵਿੱਚ ਪਹਿਲੀ ਮੀਟਿੰਗ ਸੱਦ ਕੇ ਚੇਅਰਮੈਨ ਦੀ ਚੋਣ ਕਰਨੀ ਲਾਜ਼ਮੀ ਹੁੰਦੀ ਹੈ। ਸਿੱਖ ਗੁਰਦੁਆਰਾ ਕਮਿਸ਼ਨ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਗੁਰਦੁਆਰਿਆਂ, ਅਦਾਰਿਆਂ ਤੇ ਮੁਲਾਜ਼ਮਾਂ ਦੇ ਕੇਸਾਂ ਦਾ ਨਿਪਟਾਰਾ ਕਰਦਾ ਹੈ। ਕਮਿਸ਼ਨ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਤਹਿਤ ਇਹ ਮਾਮਲੇ ਹੱਲ ਕੀਤੇ ਜਾਂਦੇ ਹਨ। ਚੇਅਰਮੈਨ ਦੀ ਨਿਯੁਕਤੀ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਐਡਵੋਕੇਟ ਕਲੇਰ ਨੇ ਆਖਿਆ ਕਿ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਕੰਮ ਪਾਰਦਰਸ਼ੀ ਢੰਗ ਨਾਲ ਨਿਭਾਉਣਗੇ।
Comments (0)