ਅਕਾਲੀ ਆਗੂ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਤੇ ਭਰਾ ਕਾਂਗਰਸ ਵਿੱਚ ਸ਼ਾਮਲ

ਅਕਾਲੀ ਆਗੂ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਤੇ ਭਰਾ ਕਾਂਗਰਸ ਵਿੱਚ ਸ਼ਾਮਲ
ਕੈਪਸ਼ਨ-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਵਿੱਚ ਦਵਿੰਦਰ ਸਿੰਘ ਘੁਬਾਇਆ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ।

ਫ਼ਾਜ਼ਿਲਕਾ ਤੋਂ ਲੜ ਸਕਦਾ ਹੈ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ :
ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਲੜਕਾ ਦਵਿੰਦਰ ਸਿੰਘ ਘੁਬਾਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਚਾਚੇ ਮੁਨਸ਼ਾ ਸਿੰਘ ਘੁਬਾਇਆ ਤੇ ਹੋਰਨਾਂ ਸਾਥੀਆਂ ਸਮੇਤ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਕਾਂਗਰਸ ਵੱਲੋਂ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ ਸੀਟ ਦਾ ਫ਼ੈਸਲਾ ਹੋਣ ਮਗਰੋਂ ਹੀ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੇ ਖਾਸ ਕਰਕੇ ਜਲਾਲਾਬਾਦ ਕਸਬੇ ਦੀ ਅਫਸਰਸ਼ਾਹੀ ਵਿੱਚ ਕੋਈ ਸੁਣਵਾਈ  ਨਾ ਹੋਣ ਕਰਕੇ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸਨ ਤੇ ਇਸੇ ਕਰਕੇ ਹੀ ਉਨ੍ਹਾਂ ਦੇ ਲੜਕੇ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਰਾਏ ਸਿੱਖ ਭਾਈਚਾਰੇ ਨੂੰ ਦੂਰ ਜਾਣ ਤੋਂ ਰੋਕਣ ਲਈ ਭਾਈਚਾਰੇ ਨਾਲ ਸਬੰਧਤ ਸੰਪੂਰਨ ਸਿੰਘ ਨੂੰ ਰਾਏ ਸਿੱਖ ਭਾਈਚਾਰਾ ਬੋਰਡ ਦਾ ਚੇਅਰਮੈਨ ਥਾਪ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਮਿਲਣ ਮਗਰੋਂ ਦਵਿੰਦਰ ਸਿੰਘ ਘੁਬਾਇਆ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਜੇਕਰ ਉਸ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਵਾਲਾ ਸਭ ਤੋਂ ਨੌਜਵਾਨ ਚਿਹਰਾ ਹੋਵੇਗਾ। ਕੈਪਟਨ ਨੇ ਕਿਹਾ ਕਿ ਘੁਬਾਇਆ ਅਤੇ ਹੋਰਨਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੈ ਤੇ ਲੋਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਦਸ ਸਾਲ ਦੇ ਰਾਜ ਭਾਗ ਤੋਂ ਤੰਗ ਆ ਚੁੱਕੇ ਹਨ। ਆਈਆਈਟੀ ਰੁੜਕੀ ਤੋਂ ਗਰੈਜੂਏਟ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹੈ ਤੇ ਕਾਂਗਰਸ ਪਾਰਟੀ ਹੀ ਸੂਬੇ ਦੀ ਭਲਾਈ ਯਕੀਨੀ ਬਣਾ ਸਕਦੀ ਹੈ। ਘੁਬਾਇਆ ਰਾਇ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਤੇ ਇਸ ਦਾ ਫਿਰੋਜ਼ਪੁਰ ਵਿੱਚ ਕਾਫੀ ਆਧਾਰ ਹੈ ਤੇ ਕਈ ਸੀਟਾਂ ਦੇ ਨਤੀਜੇ ਬਦਲਣ ਦੀ ਸਮਰੱਥਾ ਰੱਖਦੀ ਹੈ। ਜਲਾਲਾਬਾਦ, ਗੁਰੂਹਰਸਹਾਏ, ਫਾਜ਼ਿਲਕਾ ਸਮੇਤ ਕਈ ਹਲਕਿਆਂ ਵਿੱਚ ਭਾਈਚਾਰੇ ਦੀ ਅਹਿਮ ਭੂਮਿਕਾ ਹੋਵੇਗੀ।

ਕੈਪਟਨ ਬੋਲੇ-ਸਿੱਧੂ ਜੋੜੇ ਵਿਚੋਂ ਸਿਰਫ਼ ਇੱਕ ਨੂੰ ਹੀ ਟਿਕਟ :
ਕੈਪਟਨ ਅਮਰਿੰਦਰ ਸਿੰੰਘ ਨੇ ਕਿਹਾ ਕਿ ਇੱਕੋ ਪਰਿਵਾਰ ਦੇ ਦੋ ਵਿਅਕਤੀਆਂ ਨੂੰ ਟਿਕਟ ਨਾ ਦੇਣ ਦੇ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਜਾਂ ਉਨ੍ਹਾਂ ਦੀ ਧਰਮ ਪਤਨੀ ਵਿੱਚੋਂ ਇੱਕ ਨੂੰ ਹੀ ਟਿਕਟ ਦਿੱਤੀ ਜਾਵੇਗੀ, ਪਰ ਦੋਵਾਂ ਵਿੱਚੋਂ ਕਿਸ ਨੇ ਚੋਣ ਲੜਨੀ ਹੈ ਇਹ ਫ਼ੈਸਲਾ ਇਸ ਜੋੜੇ ਨੇ ਕਰਨਾ ਹੈ। ਕੈਪਟਨ ਨੇ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਤੇ ਇਸ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ।