ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਚੋਣਾਂ ਦੇ ਮੱਦੇਨਜ਼ਰ ਪੈਰੋਕਾਰਾਂ ਨਾਲ ਮੀਟਿੰਗਾਂ ਆਰੰਭੀਆਂ

ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਚੋਣਾਂ ਦੇ ਮੱਦੇਨਜ਼ਰ ਪੈਰੋਕਾਰਾਂ ਨਾਲ ਮੀਟਿੰਗਾਂ ਆਰੰਭੀਆਂ

ਕਿਸੇ ਇਕ ਪਾਰਟੀ ਦੀ ਖੁੱਲ੍ਹ ਕੇ ਕਰ ਸਕਦਾ ਹੈ ਹਮਾਇਤ
ਬਠਿੰਡਾ/ਬਿਊਰੋ ਨਿਊਜ਼ :
ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਪੈਰੋਕਾਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ ਹੈ। ਮੁਢਲੇ ਪੜਾਅ ‘ਤੇ ਡੇਰਾ ਸਿਰਸਾ ਵੱਲੋਂ ਕਿਸੇ ਸਿਆਸੀ ਪਾਰਟੀ ਦੀ ਖੁੱਲ੍ਹੀ ਹਮਾਇਤ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਚੋਣਾਂ ਨੇੜੇ ਹੋਣ ਕਰਕੇ ਹੁਣ ਸਿਆਸੀ ਆਗੂਆਂ ਨੇ ਵੀ ਡੇਰਿਆਂ ਵੱਲ ਨਿਗਾਹ ਕਰ ਲਈ ਹਨ ਤੇ ਕਈ ਸਿਆਸੀ ਆਗੂਆਂ ਨੇ ਡੇਰਾ ਸਿਰਸਾ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਡੇਰਾ ਪ੍ਰੇਮੀਆਂ ਦੀ ਹਰ ਹਲਕੇ ਵਿੱਚ 15 ਹਜ਼ਾਰ ਵੋਟ ਦੱਸੀ ਜਾ ਰਹੀ ਹੈ।     ਡੇਰਾ ਸਿਰਸਾ ਦੇ ਸਿਆਸੀ ਵਿੰਗ ਤਰਫ਼ੋਂ ਰੋਜ਼ਾਨਾ ਤਿੰਨ ਬਲਾਕਾਂ ਦੇ ਪੈਰੋਕਾਰਾਂ ਨਾਲ ਮੀਟਿੰਗ ਕੀਤੀ ਜਾਣੀ ਹੈ, ਜਿਸ ਵਿੱਚ ਇਕਜੁੱਟਤਾ ਦਾ ਸਬਕ ਪੜ੍ਹਾਇਆ ਜਾਣਾ ਹੈ। ਡੇਰਾ ਸਿਰਸਾ ਨੇ 2007 ਵਿੱਚ ਕਾਂਗਰਸ ਦੀ ਖੁੱਲ੍ਹੀ ਹਮਾਇਤ ਕੀਤੀ ਸੀ, ਜਦੋਂਕਿ 2012 ਵਿੱਚ ਡੇਰਾ ਸਿਰਸਾ ਨੇ ਲੁਕਵੇਂ ਰੂਪ ਵਿੱਚ ਹਮਾਇਤ ਦਿੱਤੀ ਸੀ। ਐਤਕੀਂ ਮੁੜ ਡੇਰਾ ਸਿਰਸਾ ਵੱਲੋਂ ਖੁੱਲ੍ਹੀ ਹਮਾਇਤ ਕੀਤੇ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਨੇੜਲੇ ਸਬੰਧ ਹਨ।     ਡੇਰਾ ਬਿਆਸ ਦੇ ਵੀ ਜਲਾਲਾਬਾਦ ਅਤੇ ਮੁਕਤਸਰ ਵਿੱਚ ਸਮਾਗਮ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਜ਼ਰੀ ਭਰੀ ਹੈ।
ਸਿਆਸੀ ਪਾਰਟੀਆਂ ਨੇ ਹਰ ਇਲਾਕੇ ਦੇ ਡੇਰਿਆਂ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਡੇਰਾ ਸਿਰਸਾ ਦੇ ਮੁਖੀ ਪਿਛਲੇ ਦਿਨਾਂ ਤੋਂ ਨਵੀਂ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਕਰਕੇ ਕਿਸੇ ਵੀ ਆਗੂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਡੇਰਾ ਮੁਖੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਪਹਿਲਾਂ 27 ਦਿਨ ਹਿਮਾਚਲ ਪ੍ਰਦੇਸ਼ ਵਿੱਚ ਰਹੇ ਹਨ ਅਤੇ ਹੁਣ ਸਿਰਸਾ ਵਿੱਚ ਸ਼ੂਟਿੰਗ ਚੱਲ ਰਹੀ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਨੇਤਾਵਾਂ ਵੱਲੋਂ ਐਤਕੀਂ ਵਾਇਆ ਭਾਜਪਾ ਵਿੱਚ ਗਠਜੋੜ ਵਾਸਤੇ ਡੇਰਾ ਸਿਰਸਾ ਤੋਂ ਹਮਾਇਤ ਮੰਗੀ ਜਾਵੇਗੀ। ਬਾਕੀ ਪਾਰਟੀਆਂ ਵੱਲੋਂ ਵੀ ਆਪੋ ਆਪਣੀ ਰਣਨੀਤੀ ਉਲੀਕੀ ਜਾ ਰਹੀ ਹੈ।
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਸਿਆਸੀ ਵਿੰਗ ਨੇ ਆਗਾਮੀ ਚੋਣਾਂ ਬਾਰੇ ਰਾਇ ਲੈਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਅਤੇ ਰੋਜ਼ਾਨਾ ਤਿੰਨ ਬਲਾਕਾਂ ਵਿੱਚ ਮੀਟਿੰਗਾਂ ਹੋਣਗੀਆਂ। ਫਿਲਹਾਲ ਪੈਰੋਕਾਰਾਂ ਨੂੰ ਏਕਾ ਰੱਖਣ ਵਾਸਤੇ ਆਖਿਆ ਜਾ ਰਿਹਾ ਹੈ ਅਤੇ ਮਗਰੋਂ ਸਿਆਸੀ ਹਮਾਇਤ ਦੇਣ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸਿਆਸੀ ਆਗੂ ਡੇਰਾ ਮੁਖੀ ਤੋਂ ਸਮਾਂ ਲੈਣ ਲਈ ਫੋਨ ਖੜਕਾ ਰਹੇ ਹਨ ਪਰ ਡੇਰਾ ਮੁਖੀ ਫਿਲਹਾਲ ਸ਼ੂਟਿੰਗ ਵਿੱਚ ਰੁਝੇ ਹੋਏ ਹਨ।