‘ਆਪ’ ਤੇ ਅਕਾਲੀ ਆਗੂ ਹੋਏ ਕਾਂਗਰਸ ਵਿਚ ਸ਼ਾਮਲ

‘ਆਪ’ ਤੇ ਅਕਾਲੀ ਆਗੂ ਹੋਏ ਕਾਂਗਰਸ ਵਿਚ ਸ਼ਾਮਲ

ਕੈਪਸ਼ਨ-ਕੈਪਟਨ ਅਮਰਿੰਦਰ ਸਿੰਘ, ਅਮਰੀਕ ਸਿੰਘ ਆਲੀਵਾਲ (ਸੱਜਿਓਂ ਦੂਜੇ), ਮਹੇਸ਼ ਗੁਪਤਾ (ਖੱਬਿਓਂ ਤੀਜੇ) ਤੇ ਗੁਰਬੰਸ ਸਿੰਘ ਪੂਨੀਆ ਨਵੀਂ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ। ਦਿੱਲੀ ਵਿੱਚ ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਜਲੰਧਰ ਤੋਂ ‘ਆਪ’ ਆਗੂ ਮਹੇਸ਼ ਗੁਪਤਾ ਅਤੇ ‘ਆਪ’ ਦੀ ਸੂਬਾਈ ਵਿੱਤ ਕਮੇਟੀ ਦੇ ਮੈਂਬਰ ਰਹੇ ਗੁਰਬੰਸ ਸਿੰਘ ਪੂਨੀਆ ਨੇ ਦਿੱਲੀ ਵਿੱਚ ਕੈਪਟਨ ਦੀ ਹਾਜ਼ਰੀ ਵਿੱਚ ਕਾਂਗਰਸੀ ਦਾ ਹੱਥ ਫੜਿਆ।
ਸ੍ਰੀ ਆਲੀਵਾਲ ਨੇ ਕਿਹਾ ਕਿ ਬਾਦਲ ਅਕਾਲੀ ਦਲ ਨੂੰ ਗੈਰ ਜਮਹੂਰੀ ਤਰੀਕੇ ਨਾਲ ਆਪਣੀ ਵਿਅਕਤੀਗਤ ਜਗੀਰ ਵਾਂਗ ਚਲਾ ਰਹੇ ਹਨ, ਜਿਨ੍ਹਾਂ ਨੂੰ ਆਪਣੀਆਂ ਦੋ ਵਕਤ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸੰਘਰਸ਼ ਕਰ ਰਹੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਪੰਜਾਬ ਤੇ ਪੰਜਾਬੀਅਤ ਬਾਰੇ ਕੈਪਟਨ ਅਮਰਿੰਦਰ ਦੇ ਪੱਖ ਤੋਂ ਪ੍ਰਭਾਵਤ ਰਹੇ ਹਨ, ਜਿਨ੍ਹਾਂ ਖ਼ੁਦ ਨੂੰ ਕਹਿਣੀ ਤੇ ਕਰਨੀ ਵਿੱਚ ਬਰਾਬਰ ਰਹਿਣ ਵਾਲਾ ਵਿਅਕਤੀ ਸਾਬਤ ਕੀਤਾ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਆਲੀਵਾਲ ਦਾ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਾ ਸੀ ਅਤੇ ਉਨ੍ਹਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਖ਼ਾਤਮੇ ਵੱਲ ਇਸ਼ਾਰਾ ਕਰ ਰਿਹਾ ਹੈ। ‘ਆਪ’ ਛੱਡਣ ਵਾਲੇ ਮਹੇਸ਼ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ, ਜਦੋਂ ਕਿ ਉਨ੍ਹਾਂ (ਗੁਪਤਾ) ਨੇ ‘ਆਪ’ ਲਈ ਤਿੰਨ ਮੀਟਿੰਗਾਂ ਕਰਵਾਈਆਂ ਸਨ। ਗੁਰਬੰਸ ਸਿੰਘ ਪੂਨੀਆ ਨੇ ਕਿਹਾ ਕਿ ‘ਆਪ’ ਆਗੂ ਜ਼ਮੀਨ ਨਾਲ ਜੁੜੇ ਕਾਰਕੁਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਗੰਭੀਰ ਦੋਸ਼ ਲਾਏ।