ਹਰਮਿੰਦਰ ਸਿੰਘ ਮਿੰਟੂ ਨੂੰ ਦੋ ਰੋਜ਼ਾ ਨਿਆਂਇਕ ਹਿਰਾਸਤ ‘ਤੇ ਤਿਹਾੜ ਜੇਲ੍ਹ ਭੇਜਿਆ

ਹਰਮਿੰਦਰ ਸਿੰਘ ਮਿੰਟੂ ਨੂੰ ਦੋ ਰੋਜ਼ਾ ਨਿਆਂਇਕ ਹਿਰਾਸਤ ‘ਤੇ ਤਿਹਾੜ ਜੇਲ੍ਹ ਭੇਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਇੱਥੋਂ ਦੀ ਇਕ ਅਦਾਲਤ ਨੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਦੋ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ। ਪੰਜਾਬ ਪੁਲੀਸ ਵੱਲੋਂ ਟਰਾਂਜ਼ਿਟ ਰਿਮਾਂਡ ਲਈ ਦਿੱਤੀ ਅਰਜ਼ੀ ਉਪਰ ਹਰਮਿੰਦਰ ਸਿੰਘ ਮਿੰਟੂ ਦੀ ਹਿਰਾਸਤ ਖ਼ਤਮ ਹੋਣ ਮਗਰੋਂ 14 ਦਸੰਬਰ ਨੂੰ ਸੁਣਵਾਈ ਹੋਵੇਗੀ।
ਮੈਟਰੋਪਾਲਿਟਨ ਮੈਜਿਸਟਰੇਟ ਸਤਵੀਰ ਸਿੰਘ ਲਾਂਬਾ ਦੀ ਅਦਾਲਤ ਵਿੱਚ ਪੁਲੀਸ ਨੇ ਦੱਸਿਆ ਕਿ ਉਸ ਨੂੰ ਮਿੰਟੂ ਦੀ ਹੋਰ ਹਿਰਾਸਤ ਦੀ ਲੋੜ ਨਹੀਂ। ਇਸ ‘ਤੇ ਅਦਾਲਤ ਨੇ ਮਿੰਟੂ ਦੀ ਹਿਰਾਸਤ ਵਧਾ ਦਿੱਤੀ। ਅਦਾਲਤ ਨੇ ਮਿੰਟੂ ਨੂੰ 28 ਨਵੰਬਰ ਨੂੰ ਸੱਤ ਦਿਨਾਂ ਪੁਲੀਸ ਹਿਰਾਸਤ ਵਿੱਚ ਭੇਜਿਆ ਸੀ। ਫਿਰ ਹਿਰਾਸਤ 12 ਦਸੰਬਰ ਤੱਕ ਲਈ ਵਧਾ ਦਿੱਤੀ ਗਈ। ਦਿੱਲੀ ਪੁਲੀਸ ਦਾਅਵਾ ਕਰ ਰਹੀ ਹੈ ਕਿ ਉਸ ਕੋਲੋਂ ਪਿਸਤੌਲ ਤੇ ਛੇ ਕਾਰਤੁਸ ਬਰਾਮਦ ਕੀਤੇ ਗਏ ਹਨ। ਮਿੰਟੂ ਨੂੰ ਨਾਭਾ ਜੇਲ੍ਹ ਤੋੜ ਕਾਂਡ ਤੋਂ ਇਕ ਦਿਨ ਬਾਅਦ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਨਵੰਬਰ 2014 ਵਿੱਚ ਥਾਈਲੈਂਡ ਤੋਂ ਭਾਰਤ ਹਵਾਲੇ ਕੀਤਾ ਗਿਆ ਗਿਆ ਸੀ।