ਗੁਰਪ੍ਰੀਤ ਸਿੰਘ ਵੜੈਚ ਆਪਣੇ ਰਿਹਾਇਸ਼ੀ ਹਲਕੇ ਬਟਾਲਾ ਤੋਂ ਲੜਨਗੇ ਚੋਣ

ਗੁਰਪ੍ਰੀਤ ਸਿੰਘ ਵੜੈਚ ਆਪਣੇ ਰਿਹਾਇਸ਼ੀ ਹਲਕੇ ਬਟਾਲਾ ਤੋਂ ਲੜਨਗੇ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (‘ਆਪ’) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਆਪਣੇ ਰਿਹਾਇਸ਼ੀ ਵਿਧਾਨ ਸਭਾ ਹਲਕੇ ਬਟਾਲਾ ਤੋਂ ਹੀ ਚੋਣ ਲੜਣਗੇ। ‘ਆਪ’ ਵੱਲੋਂ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰਦਿਆਂ ਇਹ ਖ਼ੁਲਾਸਾ ਕੀਤਾ ਗਿਆ ਹੈ। ‘ਆਪ’ ਵੱਲੋਂ ਜਾਰੀ ਕੀਤੀ ਗਈ ਸੂਚੀ ਤਹਿਤ ਪੰਜਾਬ ਇਕਾਈ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੂੰ ਵਿਧਾਨ ਸਭਾ ਹਲਕਾ ਬਟਾਲਾ ਤੋਂ ਟਿਕਟ ਦਿੱਤੀ ਗਈ ਹੈ। ਉਨ੍ਹਾਂ ਦਾ ਜੱਦੀ ਪਿੰਡ ਖੋਖਰ ਫੌਜੀਆਂ ਬਟਾਲਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਸ੍ਰੀ ਵੜੈਚ ਨੇ ਕਿਹਾ ਕਿ ਉਹ ਆਪਣੇ ਪਿੰਡ ਅਤੇ ਹਲਕੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਹਲਕੇ ਵਿੱਚੋਂ ਹੀ ਚੋਣ ਲੜਨ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ ਕੋ-ਆਪ੍ਰੇਟਿਵ ਸੁਸਾਇਟੀ ਖੀਰਾ ਵਾਲੀ ਦੇ ਪ੍ਰਧਾਨ ਸੁਖਵੰਤ ਸਿੰਘ ਪੱਡਾ ਨੂੰ ਕਪੂਰਥਲਾ, ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਮੈਂਬਰ ਅਤੁੱਲ ਨਾਗਪਾਲ ਨੂੰ ਅਬੋਹਰ ਅਤੇ ਮਾਨਸਾ ਦੇ ਸੈਕਟਰ ਇੰਚਾਰਜ ਸੁਖਵਿੰਦਰ ਸਿੰਘ ਮਾਨ ਨੂੰ ਸਰਦੂਲਗੜ੍ਹ ਹਲਕੇ ਤੋਂ ਟਿਕਟਾਂ ਦਿੱਤੀਆਂ ਗਈਆਂ ਹਨ।
ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਬਟਾਲਾ ਤੋਂ ਟਿਕਟ ਮਿਲਣ ਮਗਰੋਂ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਟਾਲਾ ਦੇ ਉਦਯੋਗ ਨੂੰ ਮੁੜ ਤੋਂ ਪੈਰਾਂ-ਸਿਰ ਕਰਨ ਅਤੇ ਵਿਕਾਸ ਪੱਖੋਂ ਪਛੜੇ ਇਸ ਹਲਕਾ ਦੇ ਚੁਫੇਰਿਉਂ ਵਿਕਾਸ ਲਈ ਕੋਸ਼ਿਸ਼ਾਂ ਕਰਨਗੇ। ਸ੍ਰੀ ਘੁੱਗੀ ਨੇ ਆਖਿਆ ਕਿ ਉਹ ਇਸ ਹਲਕੇ ਦੇ ਪੱਛੜੇਪਨ ਨੂੰ ਦੂਰ ਕਰਨ ਲਈ ਪੂਰਾ ਟਿੱਲ ਲਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ  ਕਾਂਗਰਸ ਦੀ ਆਪਸੀ ਖਿੱਚੋਤਾਣ ਨੇ ਧਾਰਮਿਕ ਤੇ ਇਤਿਹਾਸਿਕ ਸ਼ਹਿਰ ਨੂੰ ਨਰਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ‘ਆਪ’ ਬੁਝੇ ਹੋਏ ਦੀਵਿਆਂ ਵਿਚ ਤੇਲ ਪਾ ਰਹੀ ਹੈ ਤੇ ਲੋਕਾਂ ਨੂੰ ਜ਼ੁਲਮ ਖ਼ਿਲਾਫ਼ ਬੋਲਣਾ ਅਤੇ ਲੜਨਾ ਸਿਖਾ ਰਹੀ ਹੈ। ਉਨ੍ਹਾਂ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ।