ਹੁਣ ਬਾਦਲ ਸਰਕਾਰ ਦੀ ਟੇਕ ‘ਪਸ਼ੂਆਂ’ ‘ਤੇ

ਹੁਣ ਬਾਦਲ ਸਰਕਾਰ ਦੀ ਟੇਕ ‘ਪਸ਼ੂਆਂ’ ‘ਤੇ

ਪਟਿਆਲਾ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਪੰਜਾਬ ਸਰਕਾਰ ਨੇ ਕਾਹਲੀ ਵਿੱਚ ਰਾਜ ਭਰ ਵਿੱਚ ਬਲਾਕ ਪੱਧਰੀ ਪਸ਼ੂ ਮੇਲੇ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਉਤੇ ਸਿਆਸੀ ਹਲਕਿਆਂ ਵਿੱਚ ਉਂਗਲਾਂ ਉੱਠਣ ਲੱਗੀਆਂ ਹਨ।
ਸੂਤਰਾਂ ਨੇ ਪੁਸ਼ਟੀ ਕੀਤੀ ਕਿ 10 ਦਿਨ ਪਹਿਲਾਂ ਤਕਰੀਬਨ ਸਾਰੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਨੂੰ ਚਿੱਠੀ ਮਿਲੀ, ਜਿਸ ਵਿੱਚ ਉਨ੍ਹਾਂ ਨੂੰ ਬਲਾਕ ਪੱਧਰੀ ਪਸ਼ੂ ਮੇਲੇ 15 ਦਸੰਬਰ ਤੱਕ ਕਰਵਾਉਣ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਫੰਡ ਜਾਰੀ ਕਰ ਦਿੱਤੇ ਗਏ ਹਨ, ਜੋ ਅਗਲੇ ਕੁਝ ਦਿਨਾਂ ਵਿੱਚ ਪ੍ਰਾਪਤ ਹੋ ਜਾਣਗੇ। ਪਸ਼ੂ ਪਾਲਣ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵਰ੍ਹੇ ਜ਼ਿਲ੍ਹਾ ਤੇ ਕੌਮੀ ਚੈਂਪੀਅਨਸ਼ਿਪ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਅਤੇ ਹੁਣ ਬਲਾਕ ਪੱਧਰੀ ਮੇਲਿਆਂ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਹਰੇਕ ਵਿੱਤੀ ਵਰ੍ਹੇ ਵਿੱਚ ਮਾਰਚ ਤੱਕ ਆਪਣੇ ਬਜਟ ਦਾ ਨਿਬੇੜਾ ਕਰਨ ਵਾਲਾ ਵਿਭਾਗ ਹੁਣ ਚੋਣਾਂ ਕਾਰਨ ਦਸੰਬਰ ਵਿੱਚ ਹੀ ਬਜਟ ਮੁਕਾਉਣਾ ਚਾਹੁੰਦਾ ਹੈ। ਇਸ ਅਧਿਕਾਰੀ ਨੇ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਲਈ ਨਕਦ ਪੁਰਸਕਾਰਾਂ ਦਾ ਫੈਸਲਾ ਅਤੇ ਬਲਾਕਾਂ ਦੀ ਚੋਣ ਮੁਕਾਮੀ ਆਗੂਆਂ ਵੱਲੋਂ ਕੀਤੀ ਜਾਣੀ ਹੈ। ਹਾਲ ਹੀ ਵਿੱਚ ਪਸ਼ੂ ਮੇਲਿਆਂ ਬਾਰੇ ਇਸ਼ਤਿਹਾਰ ਵੀ ਦਿੱਤਾ ਗਿਆ ਹੈ।
ਸਾਬਕਾ ਵਿੱਤ ਮੰਤਰੀ ਲਾਲ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਬਲਾਕ ਪੱਧਰ ‘ਤੇ ਕਿਸਾਨਾਂ ਨੂੰ ਰਿਸ਼ਵਤ ਦੇਣਾ ਚਾਹੁੰਦੀ ਹੈ। ਸੰਪਰਕ ਕਰਨ ਉਤੇ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਅਜਿਹੇ ਮੇਲਿਆਂ ਤੋਂ ਅਗਿਆਨਤਾ ਪ੍ਰਗਟਾਈ। ਜਦੋਂ ਉਨ੍ਹਾਂ ਦਾ ਧਿਆਨ ਸਰਕਾਰੀ ਇਸ਼ਤਿਹਾਰ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਪ੍ਰੋਗਰਾਮ ਕਰਵਾ ਸਕਦੀ ਹੈ ਅਤੇ ਕਾਂਗਰਸ ਦੇ ਦੋਸ਼ ਨਿਰਆਧਾਰ ਹਨ।