ਸੰਸਦ ਭਵਨ ਵੀਡੀਓ ਮਾਮਲੇ ‘ਚ ਭਗਵੰਤ ਮਾਨ ਨੂੰ ਦੋਸ਼ੀ ਠਹਿਰਾਇਆ

ਸੰਸਦ ਭਵਨ ਵੀਡੀਓ ਮਾਮਲੇ ‘ਚ ਭਗਵੰਤ ਮਾਨ ਨੂੰ ਦੋਸ਼ੀ ਠਹਿਰਾਇਆ

ਸਜ਼ਾ ਮਾਮਲੇ ‘ਚ ਸੰਸਦੀ ਕਮੇਟੀ ਇਕ ਸੁਰ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸੰਸਦ ਭਵਨ ਦੇ ਵਿਵਾਦਪੂਰਨ ਵੀਡੀਓ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਦੋਸ਼ੀ ਪਾਇਆ ਹੈ ਪਰ ਕਮੇਟੀ ਵਿਚ ਕੁਝ ਮੈਂਬਰਾਂ ਵਲੋਂ ਸਖ਼ਤ ਸਜ਼ਾ ਦਾ ਵਿਰੋਧ ਕੀਤਾ ਗਿਆ। ਕਮੇਟੀ ਸਜ਼ਾ ਬਾਰੇ ਮਤਭੇਦ ਉਭਰਨ ਕਾਰਨ ਕੋਈ ਰਿਪੋਰਟ ਅਪਨਾਉਣ ਵਿਚ ਨਾਕਾਮ ਰਹੀ। ਸਖ਼ਤ ਸਜ਼ਾ ਦਾ ਵਿਰੋਧ ਕਰ ਰਹੇ ਮੈਂਬਰਾਂ ਦਾ ਕਹਿਣਾ ਕਿ ਉਹ ਸਪੀਕਰ ਦੇ ਹੁਕਮਾਂ ‘ਤੇ ਸਦਨ ਵਿਚ ਲੰਬਾ ਸਮਾਂ ਹਾਜ਼ਰ ਨਹੀਂ ਹੋਏ। ਮਾਨ ਵਲੋਂ ਬਿਨਾਂ ਸ਼ਰਤ ਮੁਆਫੀ ਮੰਗਣ ਅਤੇ ਆਪਣੀਆਂ ਇਹ ਟਿੱਪਣੀਆਂ ਵਾਪਸ ਲੈਣ ਕਿ ਅੱਤਵਾਦੀ ਹਮਲੇ ਪਿੱਛੋਂ ਪਾਕਿਸਤਾਨ ਦੀ ਆਈ.ਐਸ.ਆਈ. ਦੇ ਅਧਿਕਾਰੀਆਂ ਨੂੰ ਪਠਾਨਕੋਟ ਸੈਨਿਕ ਹਵਾਈ ਅੱਡੇ ਅੰਦਰ ਬੁਲਾਉਣ ਬਦਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਤਲਬ ਕੀਤਾ ਜਾਵੇ, ਪਿੱਛੋਂ ਭਾਜਪਾ ਦੇ ਕੀਰਤ ਸੋਮਾਇਆ ਦੀ ਅਗਵਾਈ ਵਾਲੀ ਕਮੇਟੀ ਦੀ ਹੋਈ ਮੀਟਿੰਗ ਵਿਚ ਸੁਰੱਖਿਆ ਪਹਿਲੂਆਂ ਬਾਰੇ ਤਾਂ ਕਮੇਟੀ ਵਿਚ ਸਰਬਸੰਮਤ ਰਾਇ ਸੀ ਪਰ ਮਾਨ ਨੂੰ ਸਜ਼ਾ ਦੇਣ ਬਾਰੇ ਮਤਭੇਦ ਕਾਇਮ ਸਨ। ਭਾਵੇਂ ਉਨ੍ਹਾਂ ਨੂੰ ਕਸੂਰਵਾਰ ਪਾਇਆ ਗਿਆ ਪਰ ਕੁਝ ਦਾ ਵਿਚਾਰ ਸੀ ਕਿ ਮਾਨ ਨੂੰ ਇਕ ਦਿਨ ਲਈ ਮੁਅੱਤਲ ਕੀਤਾ ਜਾਵੇ ਜਦਕਿ ਦੂਸਰਿਆਂ ਦਾ ਕਹਿਣਾ ਕਿ ਉਹ ਸਪੀਕਰ ਦੇ ਹੁਕਮਾਂ ‘ਤੇ ਲੰਬਾ ਸਮਾਂ ਸੰਸਦ ਦੀਆਂ ਬੈਠਕਾਂ ਵਿਚ ਹਾਜ਼ਰ ਨਹੀਂ ਹੋ ਸਕਿਆ, ਇਸ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। 9 ਮੈਂਬਰੀ ਕਮੇਟੀ ਦੀ ਬੁੱਧਵਾਰ ਨੂੰ ਮੀਟਿੰਗ ਹੋਵੇਗੀ। ਸੋਮਾਇਆ ਨੇ ਕਿਹਾ ਕਿ ਰਿਪੋਰਟ ਵੀ ਉਦੋਂ ਹੀ ਪੇਸ਼ ਕੀਤੀ ਜਾਵੇਗੀ ਪਰ ਉਨ੍ਹਾਂ ਹੋਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਮਾਨ ‘ਤੇ ਸੰਸਦ ਭਵਨ ਇਮਾਰਤ ਦੇ ਸੰਵੇਦਨਸ਼ੀਲ ਇਲਾਕਿਆਂ ਦੀ ਫ਼ਿਲਮ ਬਣਾਉਣ ਦਾ ਦੋਸ਼ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਮਾਨ ਨੇ ਜੁਲਾਈ ਮਹੀਨੇ ਸੰਸਦ ਭਵਨ ਇਮਾਰਤ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਵਿਵਾਦ ਛੇੜ ਦਿੱਤਾ ਸੀ। ਆਪਣੀ ਕਾਰਵਾਈ ਲਈ ਆਲੋਚਨਾ ਦਾ ਸਾਹਮਣਾ ਕਰਨ ਪਿੱਛੋਂ ‘ਆਪ’ ਸੰਸਦ ਮੈਂਬਰ ਨੇ ਆਪਣੀ ਕਾਰਵਾਈ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਉਹ ਤਾਂ ਕੇਵਲ ਲੋਕਾਂ ਨੂੰ ਇਹ ਦਿਖਾ ਰਹੇ ਸੀ ਕਿ ਸੰਸਦ ਕਿਵੇਂ ਕੰਮ ਕਰਦੀ ਹੈ।