”ਨੌਂਵੇਂ ਪਤਾਸ਼ਾਹ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਨਹੀਂ ‘ਧਰਮ ਦੀ ਚਾਦਰ’ ਸਨ”

”ਨੌਂਵੇਂ ਪਤਾਸ਼ਾਹ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਨਹੀਂ ‘ਧਰਮ ਦੀ ਚਾਦਰ’ ਸਨ”

ਸਿੱਖ ਯੂਥ ਆਫ ਪੰਜਾਬ ਨੇ ਵਰ੍ਹਿਆਂ ਤੋਂ ਪ੍ਰਚਾਰੀ ਜਾ ਰਹੀ ਹਿੰਦੂਵਾਦੀ ਧਾਰਨਾ ਨੂੰ ਨਕਾਰਿਆ
ਜਲੰਧਰ/ਸਿੱਖ ਸਿਆਸਤ ਬਿਊਰੋ:
ਸਿੱਖ ਯੂਥ ਆਫ ਪੰਜਾਬ ਨੇ ਦ੍ਰਿੜ ਕਰਵਾਇਆ ਕਿ ਨੌਂਵੇਂ ਪਤਾਸ਼ਾਹ ਗੁਰੂ ਤੇਗ ਬਹਾਦਰ ਜੀ ‘ਧਰਮ ਦੀ ਚਾਦਰ’ ਸਨ ਨਾ ਕਿ ‘ਹਿੰਦ ਦੀ ਚਾਦਰ’, ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਹੈ। ਇਸ ਤੱਥ ਨੂੰ ਮੁੜ ਦੁਹਰਾਉਂਦਿਆਂ ਨੌਜਵਾਨ ਜਥੇਬੰਦੀ ‘ਸਿੱਖ ਯੂਥ ਆਫ ਪੰਜਾਬ’ ਨੇ ਕਿਹਾ ਕਿ ਗੁਰੂ ਸਾਹਿਬ ਨੇ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਲਈ ਨਹੀਂ ਸਗੋਂ ਮਜ਼ਲੂਮ ਦੇ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ।
ਮਾਰਚ 2003 ਵਿਚ ਪ੍ਰਵਾਨ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨੌਂਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 24 ਨਵੰਬਰ ਨੂੰ ਆਉਂਦਾ ਹੈ। ਦਲ ਖ਼ਾਲਸਾ ਦੇ ਯੂਥ ਵਿੰਗ ਸਿੱਖ ਯੂਥ ਆਫ ਪੰਜਾਬ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਹੈ ਅਤੇ ਸੰਤ ਸਮਾਜ ਦੇ ਦਬਾਅ ਹੇਠ ਸ਼੍ਰੋਮਣੀ ਕਮੇਟੀ ਵਲੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਦੇ ਨਾਂ ਹੇਠ ਬਿਕਰਮੀ ਕੈਲੰਡਰ ਨੂੰ ਰੱਦ ਕੀਤਾ ਹੈ।
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਆਦਮਪੁਰ ਨਜ਼ਦੀਕ ਕਾਲਰਾ ਪਿੰਡ ਵਿਚ ਸਥਾਨਕ ਸਿੱਖ ਮਿਸ਼ਨਰੀ ਕਾਲਜ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਖਾਸ ਤੌਰ ‘ਤੇ ਸਿੱਖ ਸੰਗਤਾਂ ਅਤੇ ਆਮ ਤੌਰ ‘ਤੇ ਭਾਰਤੀ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ‘ਮਨੁੱਖੀ ਅਧਿਕਾਰ ਅਤੇ ਧਾਰਮਿਕ ਅਜ਼ਾਦੀ’ ਦਿਹਾੜੇ ਦੇ ਤੌਰ ‘ਤੇ ਮਨਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਗੁਰੂ ਤੇਗ ਬਹਾਦਰ ਜੀ ਨਿਰਵਵਾਦ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦੇਣ ਵਾਲੇ ਪਹਿਲੇ ਸ਼ਹੀਦ ਸਨ। ਗੁਰੂ ਪਾਤਸ਼ਾਹ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਵਿਲੱਖਣ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਹੋਰ ਧਰਮ ਦੇ ਪੈਰੋਕਾਰਾਂ ਦੀ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਨਹੀਂ ਦਿੱਤੀ ਸੀ”।