ਅਕਾਲੀ ਦਲ ਦੇ ਨੌਂ ਹੋਰ ਉਮੀਦਵਾਰਾਂ ਦੀ ਸੂਚੀ ਗੁਰੂ, ਨਕਈ ਤੇ ਜੋਸ਼ ਨੂੰ ਵੀ ਮਿਲੀ ਥਾਂ

ਅਕਾਲੀ ਦਲ ਦੇ ਨੌਂ ਹੋਰ ਉਮੀਦਵਾਰਾਂ ਦੀ ਸੂਚੀ ਗੁਰੂ, ਨਕਈ ਤੇ ਜੋਸ਼ ਨੂੰ ਵੀ ਮਿਲੀ ਥਾਂ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕਰਦਿਆਂ 9 ਹੋਰ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਇਸ ਸੂਚੀ ਵਿੱਚ ਪਾਰਟੀ ਨੇ ਕਈ ਉਮੀਦਵਾਰਾਂ ਦੇ ਹਲਕਿਆਂ ਵਿੱਚ ਤਬਦੀਲੀ ਕੀਤੀ ਹੈ ਤੇ ਕਈਆਂ ਦੀ ਛੁੱਟੀ ਕਰ ਦਿੱਤੀ ਹੈ। ਹਾਕਮ ਪਾਰਟੀ ਵੱਲੋਂ 69 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ 78 ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ 16 ਹਲਕਿਆਂ ਤੋਂ ਉਮੀਦਵਾਰ ਐਲਾਨਣੇ ਹੀ ਬਾਕੀ ਰਹਿ ਗਏ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਨੌਕਰਸ਼ਾਹ ਤੋਂ ਸਰਗਰਮ ਸਿਆਸਤ ਵਿੱਚ ਆਏ ਸੇਵਾਮੁਕਤ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਇਸ ਵਾਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚਲੇ ਬਸੀ ਪਠਾਣਾਂ (ਰਾਖਵੇਂ) ਹਲਕੇ ਤੋਂ ਕਿਸਮਤ ਅਜ਼ਮਾਉਣਗੇ। ਪੰਜ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਬਰਨਾਲਾ ਜ਼ਿਲ੍ਹੇ ਵਿਚਲੇ ਹਲਕੇ ਭਦੌੜ (ਰਾਖਵੇਂ) ਤੋਂ ਚੋਣ ਲੜਾਈ ਸੀ ਪਰ ਉਹ ਮਸ਼ਹੂਰ ਗਾਇਕ ਤੇ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਪਾਸੋਂ ਹਾਰ ਗਏ ਸਨ। ਬਠਿੰਡਾ ਜ਼ਿਲ੍ਹੇ ਦੇ ਅਕਾਲੀ ਆਗੂ ਜਗਦੀਪ ਸਿੰਘ ਨਕਈ ਦੀ ਸਰਗਰਮ ਰਾਜਨੀਤੀ ਵਿੱਚ ਵਾਪਸੀ ਹੋ ਗਈ ਹੈ। ਸਾਲ 2012 ਦੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਸੀ ਪਰ ਇਸ ਵਾਰ ਉਨ੍ਹਾਂ ਨੂੰ ਮਾਨਸਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤਰ੍ਹਾਂ ਮਾਨਸਾ ਦੇ ਮੌਜੂਦਾ ਵਿਧਾਇਕ ਪ੍ਰੇਮ ਮਿੱਤਲ ਦਾ ਪੱਤਾ ਸਾਫ਼ ਹੋ ਗਿਆ ਜਾਪਦਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਮਾਲੇਰਕੋਟਲਾ, ਬੁਢਲਾਡਾ, ਮਾਨਸਾ, ਜੈਤੋਂ, ਸੁਨਾਮ ਅਤੇ ਦਿੜ੍ਹਬਾ ਹਲਕਿਆਂ ਤੋਂ ਨਵੇਂ ਚਿਹਰੇ ਮੈਦਾਨ ਵਿਚ ਲਿਆਂਦੇ ਹਨ। ਮਾਲੇਰਕੋਟਲਾ ਤੋਂ ਮੁਹੰਮਦ ਉਵੈਸ ਨੂੰ ਉਮੀਦਵਾਰ ਬਣਾਇਆ ਹੈ। ਇਸ ਹਲਕੇ ਦੀ ਵਿਧਾਇਕ ਐਫ. ਨਿਸਾਰਾ ਖਾਤੂਨ ਨੇ ਕੁਝ ਦਿਨ ਪਹਿਲਾਂ ਹੀ ਰਾਜਨੀਤੀ ਤੋਂ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਸੀ। ਹਲਕਿਆਂ ਦਾ ਕਹਿਣਾ ਹੈ ਕਿ ਪਾਰਟੀ ਨੇ ਬੇਗ਼ਮ ਖਾਤੂਨ, ਜੋ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੀ ਪਤਨੀ ਹੈ, ਨੂੰ ਪਹਿਲਾਂ ਹੀ ਲਾਂਭੇ ਕਰਨ ਦਾ ਇਸ਼ਾਰਾ ਕਰ ਦਿੱਤਾ ਸੀ। ਗੁਰਦੇਵ ਸਿੰਘ ਬਾਦਲ ਦੇ ਪੁੱਤਰ ਸੂਬਾ ਸਿੰਘ ਬਾਦਲ ਨੂੰ ਜੈਤੋਂ (ਰਾਖਵੇਂ) ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਥਾਂ ਤੀਰਥ ਸਿੰਘ ਮਾਹਲਾ ਨੂੰ ਬਾਘਾ ਪੁਰਾਣਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਗੁਲਜ਼ਾਰ ਸਿੰਘ (ਕਬੱਡੀ ਖਿਡਾਰੀ)  ਦਿੜ੍ਹਬਾ ਹਲਕੇ ਤੋਂ ਚੋਣ ਲੜਨਗੇ। ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਨੂੰ ਧੂਰੀ ਤੋਂ ਤਬਦੀਲ ਕਰ ਕੇ ਸੁਨਾਮ ਤੋਂ ਚੋਣ ਲੜਾਈ ਜਾਵੇਗੀ। ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਵੱਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਰੰਗ ਲਿਆਇਆ ਅਤੇ ਪਾਰਟੀ ਨੇ ਉਸ ਨੂੰ ਸ਼ਾਮ ਚੁਰਾਸੀ ਅਤੇ ਡਾ. ਨਿਸ਼ਾਨ ਸਿੰਘ ਨੂੰ ਬੁਢਲਾਡਾ (ਰਾਖਵੇਂ) ਹਲਕਿਆਂ ਤੋਂ ਉਮੀਦਵਾਰ ਐਲਾਨਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਸੂਚੀ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਪਾਰਟੀ ਨੇ ਕਈ ਪੁਰਾਣੇ ਅਕਾਲੀ ਨੇਤਾਵਾਂ ਨੂੰ ਚੋਣ ਮੈਦਾਨ ਵਿਚੋਂ ਇੱਕ ਤਰ੍ਹਾਂ ਨਾਲ ਲਾਂਭੇ ਹੀ ਕਰ ਦਿੱਤਾ ਹੈ। ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਜਿਨ੍ਹਾਂ 2012 ਦੀ ਚੋਣ ਮਹਿਲਕਲਾਂ ਹਲਕੇ ਤੋਂ ਚੋਣ ਲੜੀ ਸੀ, ਦਾ ਨਾਮ ਹੁਣ ਤਕ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਐਲਾਨਿਆ ਨਹੀਂ ਗਿਆ ਤੇ ਸ੍ਰੀ ਕਾਂਝਲਾ ਦੀ ਛੁੱਟੀ ਹੋਣ ਦੇ ਆਸਾਰ ਬਣ ਗਏ ਹਨ। ਇਸੇ ਤਰ੍ਹਾਂ ਬੁਢਲਾਡਾ ਦੇ ਮੌਜੂਦਾ ਵਿਧਇਕ ਚਤਿੰਨ ਸਿੰਘ ਸਮਾਉਂ ਦੀ ਥਾਂ ਵੀ ਨਵਾਂ ਉਮੀਦਵਾਰ ਸਾਹਮਣੇ ਆ ਗਿਆ ਹੈ। ਪਾਰਟੀ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਤੀਜੀ ਸੂਚੀ ਵਿੱਚ ਕੁਝ ਹੋਰ ਨਵੇਂ ਚਿਹਰੇ ਆ ਸਕਦੇ ਹਨ ਅਤੇ ਪੁਰਾਣਿਆਂ ਦੇ ਨਾਮ ਕੱਟੇ ਜਾ ਸਕਦੇ ਹਨ।