ਅਵਿਨਾਸ਼ ਚੰਦਰ ਨੇ ਵੀ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ

ਅਵਿਨਾਸ਼ ਚੰਦਰ ਨੇ ਵੀ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ

ਜਲੰਧਰ/ਬਿਊਰੋ ਨਿਊਜ਼ :
ਟਿਕਟ ਕੱਟੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਫਿਲੌਰ ਤੋਂ ਵਿਧਾਇਕ ਅਵਿਨਾਸ਼ ਚੰਦਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਫਤਹਿ ਬੁਲਾ ਦਿੱਤੀ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਭੇਜ ਦਿੱਤਾ ਹੈ। ਸਰਬਣ ਸਿੰਘ ਫਿਲੌਰ ਤੋਂ ਬਾਅਦ ਅਵਿਨਾਸ਼ ਚੰਦਰ ਦੂਜੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਦੱਸਣਯੋਗ ਹੈ ਕਿ ਅਵਿਨਾਸ਼ ਚੰਦਰ ਤੇ ਸਰਬਣ ਸਿੰਘ ਫਿਲੌਰ ਛੇ ਹਜ਼ਾਰ ਕਰੋੜ ਦੇ ਸਿੰਥੈਟਿਕ ਡਰੱਗ ਦੇ ਮਾਮਲੇ ਵਿੱਚ ਈਡੀ ਦੇ ਨਿਸ਼ਾਨੇ ‘ਤੇ ਹਨ ਤੇ ਉਨ੍ਹਾਂ ਨੂੰ ਈਡੀ ਵੱਲੋਂ ਤਲਬ ਵੀ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਵਿਨਾਸ਼ ਚੰਦਰ ਨੇ 2002 ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਕਰਤਾਰਪੁਰ ਤੋਂ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਤੇ ਉਨ੍ਹਾਂ ਨੇ 2007 ਵਿੱਚ ਕਰਤਾਰਪੁਰ ਤੋਂ ਚੋਣ ਲੜੀ ਸੀ ਤੇ ਜੇਤੂ ਰਹੇ ਸਨ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਹਲਕਾ ਕਰਤਾਰਪੁਰ ਤੋਂ ਬਦਲ ਕੇ ਫਿਲੌਰ ਕਰ ਦਿੱਤਾ ਸੀ, ਜਿਥੋਂ ਉਹ ਮਹਿਜ਼ 31 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਉਥੇ ਉਨ੍ਹਾਂ ਨੂੰ ਬਸਪਾ ਦੇ ਉਮੀਦਵਾਰ ਬਲਦੇਵ ਖਹਿਰਾ ਨੇ ਸਖ਼ਤ ਟੱਕਰ ਦਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਬਲਦੇਵ ਖਹਿਰਾ ਬਸਪਾ ਛੱਡ ਕੇ ਅਕਾਲੀ ਦਲ ਵਿੱਚ ਆ ਗਏ ਹਨ ਤੇ ਉਨ੍ਹਾਂ ਨੂੰ ਫਿਲੌਰ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨਿਆਂ ਤੋਂ ਅਵਿਨਾਸ਼ ਚੰਦਰ ਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਿਆਸਤ ਵਿਚ ਹਾਸ਼ੀਏ ‘ਤੇ ਧੱਕ ਦਿੱਤਾ ਸੀ। ਹਲਕਾ ਫਿਲੌਰ ਵਿਚ ਕੀਤੇ ਗਏ ਸੰਗਤ ਦਰਸ਼ਨਾਂ ਦੌਰਾਨ ਵਿਧਾਇਕ ਹੋਣ ਦੇ ਬਾਵਜੂਦ ਅਵਿਨਾਸ਼ ਚੰਦਰ ਨੂੰ ਸੁਖਬੀਰ ਬਾਦਲ ਨੇ ਨੇੜੇ ਨਹੀਂ ਸੀ ਲੱਗਣ ਦਿੱਤਾ ਜਾਂਦਾ। ਉਨ੍ਹਾਂ ਦੀ ਥਾਂ ਬਲਦੇਵ ਖਹਿਰਾ ਨੂੰ ਹੀ ਨਾਲ ਬਿਠਾ ਕੇ ਲੋਕਾਂ ਤੇ ਪ੍ਰਸ਼ਾਸਨ ਦੇ ਰੂ-ਬ-ਰੂ ਕਰਵਾਇਆ ਸੀ।
ਅਵਿਨਾਸ਼ ਚੰਦਰ ਦੇ ਬਸਪਾ ਵੱਲੋਂ ਚੋਣ ਲੜਨ ਦੇ ਚਰਚੇ ਚੱਲ ਰਹੇ ਹਨ। ਅਕਤੂਬਰ ਦੇ ਆਖ਼ਰੀ ਹਫਤੇ ਅਵਿਨਾਸ਼ ਚੰਦਰ ਦੀਆਂ ਮੀਟਿੰਗਾਂ ਬਸਪਾ ਦੀ ਪੰਜਾਬ ਲੀਡਰਸ਼ਿਪ ਨਾਲ ਅਤੇ ਦਿੱਲੀ ਵਿੱਚ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨਾਲ ਹੋ ਚੁੱਕੀਆਂ ਹਨ। ਹਾਲਾਂਕਿ ਉਦੋਂ ਅਵਿਨਾਸ਼ ਚੰਦਰ ਨੇ ਇਨ੍ਹਾਂ ਮੀਟਿੰਗਾਂ ਤੋਂ ਇਨਕਾਰ ਕੀਤਾ ਸੀ।