ਸ਼੍ਰੋਮਣੀ ਕਮੇਟੀ ਨੇ ਲੰਗਰ ਘਰ ਵਾਸਤੇ ਆਇਆ ਨੌਂ ਲੱਖ ਰੁਪਏ ਦਾ ਦਾਨ ਮੋੜਿਆ

ਸ਼੍ਰੋਮਣੀ ਕਮੇਟੀ ਨੇ ਲੰਗਰ ਘਰ ਵਾਸਤੇ ਆਇਆ ਨੌਂ ਲੱਖ ਰੁਪਏ ਦਾ ਦਾਨ ਮੋੜਿਆ

ਅੰਮ੍ਰਿਤਸਰ/ਬਿਊਰੋ ਨਿਊਜ਼ :
ਨੋਟਬੰਦੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਲੱਖਾਂ ਰੁਪਏ ਦਾ ਦਾਨ ਮੋੜਨਾ ਪਿਆ ਹੈ। ਪੰਜ ਸੌ ਤੇ ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਦਾਨ ਵਿੱਚ ਮਿਲਦੇ ਵੱਡੇ ਨੋਟ ਲੈਣੇ ਬੰਦ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਨਾਲ ਜੁੜੀਆਂ ਹੋਰ ਸੰਸਥਾਵਾਂ ਵਿੱਚ ਵੀ ਪੁਰਾਣੇ ਵੱਡੇ ਨੋਟਾਂ ਦੀ ਵਰਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਤੋਂ ਬਾਅਦ ਕਮੇਟੀ ਨੂੰ ਲੱਖਾਂ ਰੁਪਏ ਦਾਨ ਦੇ ਇਸ ਲਈ ਮੋੜਨੇ ਪਏ ਹਨ ਕਿਉਂਕਿ ਇਸ ਦਾਨ ਵਿੱਚ ਪੁਰਾਣੇ ਨੋਟ ਸ਼ਾਮਲ ਸਨ। ਚੰਡੀਗੜ੍ਹ ਦੇ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਾਸਤੇ ਨੌਂ ਲੱਖ ਰੁਪਏ ਦੀ ਮਾਇਕ ਸਹਾਇਤਾ ਭੇਜੀ ਗਈ ਸੀ, ਜਿਸ ਵਿੱਚ ਪੰਜ ਸੌ ਦੇ ਪੁਰਾਣੇ ਨੋਟ ਸਨ। ਇਨ੍ਹਾਂ ‘ਤੇ ਰੋਕ ਹੋਣ ਕਾਰਨ ਕਮੇਟੀ ਨੇ ਇਹ ਮਾਲੀ ਸਹਾਇਤਾ ਮੋੜ ਦਿੱਤੀ। ਵਿਦੇਸ਼ ਤੋਂ ਆਉਣ ਵਾਲੀ ਮਾਇਕ ਸਹਾਇਤਾ ਵੀ ਪ੍ਰਭਾਵਤ ਹੋਈ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨੋਟਬੰਦੀ ਕਰ ਕੇ ਆ ਰਹੀ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ। ਮਗਰੋਂ ਉਨ੍ਹਾਂ ਕੇਂਦਰੀ ਵਿੱਤ  ਮੰਤਰੀ ਅਰੁਣ ਜੇਤਲੀ ਨਾਲ ਇਸ ਸਬੰਧੀ ਫੋਨ ਰਾਹੀਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਵਧੇਰੇ ਸਮਾਂ ਦੇਣ ਲਈ ਆਖਿਆ। ਇਸ ਸਬੰਧ ਵਿੱਚ ਪੱਤਰ ਵੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਾਨ ਵਿੱਚ ਆ ਰਹੇ ਇਹ ਪੁਰਾਣੇ ਨੋਟ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ ਪਰ ਸ਼ਰਧਾਲੂਆਂ ਵੱਲੋਂ ਗੁਰਦੁਆਰਿਆਂ ਦੀ ਗੋਲਕ ਵਿੱਚ ਦਾਨ ਵਜੋਂ ਅਜਿਹੇ ਨੋਟ ਪਾਏ ਜਾ ਰਹੇ ਹਨ, ਜਿਨ੍ਹਾਂ ਨੂੰ ਬਦਲਾਉਣ ਵਿੱਚ ਮੁਸ਼ਕਲ ਆਉਂਦੀ ਹੈ। ਕੜਾਹ ਪ੍ਰਸ਼ਾਦ ਦੇ ਕਾਊਂਟਰ ‘ਤੇ ਛੋਟੇ ਨੋਟਾਂ ਦੀ ਕਮੀ ਕਾਰਨ ਸ਼ਰਧਾਲੂਆਂ ਤੇ ਅਮਲੇ ਨੂੰ ਵੀ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ ਅਖੰਡ ਪਾਠਾਂ ਦੀ ਬੁਕਿੰਗ ਵੀ ਪ੍ਰਭਾਵਤ ਹੋਈ ਹੈ। ਸਰਾਵਾਂ ਵਿੱਚ ਕਮਰਿਆਂ ਦੇ ਕਿਰਾਏ ਦੇ ਲੈਣ ਦੇਣ ਸਮੇਂ ਵੀ ਮੁਸ਼ਕਲ ਆ ਰਹੀ ਹੈ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਕਿ ਅਕਾਲੀ ਆਗੂਆਂ ਵੱਲੋਂ ਆਪਣੇ ਕਾਲੇ ਧਨ ਨੂੰ ਗੁਰਦੁਆਰਿਆਂ ਰਾਹੀਂ ਬਦਲਾਇਆ ਜਾ ਰਿਹਾ ਹੈ, ਦਾ ਵਿਰੋਧ ਕਰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਨੂੰ ਅਜਿਹੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਵਿਰਾਸਤ ਵੱਲ ਝਾਤੀ ਮਾਰਨੀ ਚਾਹੀਦੀ ਹੈ। ਇਹ ਦੋਸ਼ ਬੇਬੁਨਿਆਦ ਤੇ ਤੱਥ ਰਹਿਤ ਹਨ। ਕੈਪਟਨ ਵਰਗੇ ਸਿਆਸੀ ਆਗੂ ਲਾਹਾ ਲੈਣ ਲਈ ਧਾਰਮਿਕ ਸੰਸਥਾ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਖਾਤਿਆਂ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।