ਅਮਰੀਕੀ ਸਿੱਖ ਆਗੂ ਭਾਈ ਰੇਸ਼ਮ ਸਿੰਘ ਗ੍ਰਿਫ਼ਤਾਰ

ਅਮਰੀਕੀ ਸਿੱਖ ਆਗੂ ਭਾਈ ਰੇਸ਼ਮ ਸਿੰਘ ਗ੍ਰਿਫ਼ਤਾਰ

ਅੰਮ੍ਰਿਤਸਰ/ਬਿਊਰੋ ਨਿਊਜ਼ :
‘ਸਰਬੱਤ ਖਾਲਸਾ’ ਵਿੱਚ ਹਿੱਸਾ ਲੈਣ ਆਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਵਾਸੀ ਸਿੱਖ ਆਗੂ ਭਾਈ ਰੇਸ਼ਮ ਸਿੰਘ ਸੰਧੂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਇਥੇ ਅਦਾਲਤ ਵਿੱਚ ਪੇਸ਼ ਕਰ ਕੇ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਇਸ ਦੌਰਾਨ ‘ਸਰਬੱਤ ਖਾਲਸਾ’ ਨਾਲ ਜੁੜੀਆਂ ਧਿਰਾਂ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਤਹਿਤ ਕਈ ਸਿੱਖ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ ਅਤੇ ਕੁਝ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਰੇਸ਼ਮ ਸਿੰਘ ਵਾਸੀ ਕੈਲਫੋਰਨੀਆ ਖ਼ਿਲਾਫ਼ ਪਿਛਲੇ ਸਾਲ ਚਾਟੀਵਿੰਡ ਪੁਲੀਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਹ ਪਿਛਲੇ ਵਰ੍ਹੇ ਵੀ ‘ਸਰਬੱਤ ਖਾਲਸਾ’ ਵਿੱਚ ਸ਼ਾਮਲ ਹੋਣ ਲਈ ਇੱਥੇ ਆਇਆ ਸੀ। ਸਮਾਗਮ ਮਗਰੋਂ ਪੁਲੀਸ ਨੇ ‘ਸਰਬੱਤ ਖਾਲਸਾ’ ਨਾਲ ਸਬੰਧਤ ਲਗਪਗ 20 ਸਿੱਖ ਆਗੂਆਂ ਖ਼ਿਲਾਫ਼ ਦੇਸ਼ ਧਰੋਹ ਸਬੰਧੀ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚ ਰੇਸ਼ਮ ਸਿੰਘ ਵੀ  ਸ਼ਾਮਲ ਸੀ। ਉਹ ਹੁਣ ਮੁੜ 10 ਨਵੰਬਰ ਨੂੰ ਹੋਣ ਵਾਲੇ ‘ਸਰਬੱਤ ਖਾਲਸਾ’ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਤੇ ਉਸ ਨੂੰ ਦਿੱਲੀ ਹਵਾਈ ਅੱਡੇ ‘ਤੇ ਹੀ ਕਾਬੂ ਕਰ ਲਿਆ ਗਿਆ।
ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ, ਜੋ ਖ਼ੁਦ ਵੀ ਰੂਹਪੋਸ਼ ਹਨ, ਨੇ ਦੱਸਿਆ ਕਿ ਰੇਸ਼ਮ ਸਿੰਘ ਨੂੰ ਚਾਟੀਵਿੰਡ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਕੇ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਪੁਲੀਸ ਵੱਲੋਂ ਉਨ੍ਹਾਂ ਸਮੇਤ ਕਈ ਹੋਰ ਸਿੱਖ ਆਗੂਆਂ ਦੇ ਘਰਾਂ ‘ਤੇ ਵੀ ਛਾਪੇ ਮਾਰੇ ਜਾ ਰਹੇ ਸਨ, ਜਿਨ੍ਹਾਂ ਵਿੱਚ ‘ਸਰਬੱਤ ਖਾਲਸਾ’ ਪ੍ਰਬੰਧਕ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਸਰਕਾਰ 10 ਨਵੰਬਰ ਨੂੰ ਹੋਣ ਵਾਲੇ ‘ਸਰਬੱਤ ਖਾਲਸਾ’ ਨੂੰ ਰੋਕਣਾ ਚਾਹੁੰਦੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰੀ ਪੁਲੀਸ ਵੱਲੋਂ ਯੂਨਾਈਟਿਡ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਜਿਜੇਆਣੀ, ਅਕਾਲੀ ਦਲ ਅੰਮ੍ਰਿਤਸਰ ਦੀ ਗੁਰਦੀਪ ਕੌਰ ਅਤੇ ਸ਼ਰਨਜੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੰਥਕ ਜਥੇਬੰਦੀਆਂ ਵਲੋਂ ਕਰੜੀ ਨਿਖੇਧੀ
ਸਾਂਨ ਫਰਾਂਸਿਸਕੋ/ਬਿਊਰੋ ਨਿਊਜ਼:
ਪੰਥਕ ਜਥੇਬੰਦੀਆਂ ਯੂਥ ਆਫ਼ ਅਮਰੀਕਾ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕੀ ਸਿੱਖ ਆਗੂ ਭਾਈ ਰੇਸ਼ਮ ਸਿੰਘ ਦੀ ਪੰਜਾਬ ਵਿੱਚ ਕੀਤੀ ਗ੍ਰਿਫਤਾਰੀ ਦੀ ਕਰੜੀ ਨਿਖੇਧੀ ਕਰਦਿਆਂ ਇਸਨੂੰ ਸਿੱਖਾਂ ਨਾਲ ਸਰਕਾਰੀ ਜਬਰ ਦੀ ਇੱਕ ਹੋਰ ਕਾਰਵਾਈ ਕਰਾਰ ਦਿੱਤਾ ਹੈ। ਇਨ੍ਹਾਂ ਜਥੇਬੰਦੀਆਂ ਵਲੋਂ ਇੱਥੇ ਜਾਰੀ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਭਾਈ ਰੇਸ਼ਮ ਸਿੰਘ ਸਰਬਤ ਖਾਲਸਾ ਵਿੱਚ ਭਾਗ ਲੈਣ ਲਈ ਅਮਰੀਕੀ ਸਿੱਖਾਂ ਦੇ ਨੁਮਾਇੰਦੇ ਵਜੋਂ ਗਏ ਸਨ। ਇਸ ਲਈ ਸਰਕਾਰ ਦੀ ਇਹ ਕਾਰਵਾਈ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਉੱਤੇ ਕੀਤਾ ਘਿਣਾਉਣਾ ਵਾਰ ਹੈ।
ਭਾਈ ਰੇਸ਼ਮ ਸਿੰਘ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਅਤੇ ਪੁਰਾਣੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕਰਨ ਵਾਲਿਆਂ ਵਿੱਚ ਅਮਰੀਕੀ ਸਿੱਖ ਆਗੂ ਭਾਈ ਗੁਰਿੰਦਰਜੀਤ ਸਿੰਘ ਮਾਨਾ, ਭਾਈ ਮਨਜੀਤ ਸਿੰਘ ਬਰਾੜ, ਡਾ. ਪ੍ਰਿਤਪਾਲ ਸਿੰਘ, ਭਾਈ ਜਸਵੰਤ ਸਿੰਘ ਹੋਠੀ ਅਤੇ ਭਾਈ ਜਸਜੀਤ ਸਿੰਘ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਰਬਤ ਖਾਲਸਾ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਇਸ ਸਬੰਧੀ ਸਰਕਾਰ ਵਲੋਂ ਅੜਿਕੇ ਲਾਉਣੇ, ਗ੍ਰਿਫਤਾਰੀਆਂ ਅਤੇ ਪੁਲੀਸ ਕੇਸ ਅਤਿ ਨਿੰਦਣਯੋਗ ਹਨ। ਅਮਰੀਕੀ ਸਿੱਖ ਅਜਿਹੇ ਹਕੂਮਤੀ ਜੁਲਮਾਂ ਦਾ ਡੱਟ ਕੇ ਵਿਰੋਧ ਕਰਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਪਣੇ ਹੱਕਾਂ ਲਈ ਜਦੋ ਜਹਿਦ ਜਾਰੀ ਰੱਖਣਗੇ।