ਭਗਤ ਸਿੰਘ ਦਾ ਪਿਸਤੌਲ ਬੀਐਸਐਫ ਦੇ ਇੰਦੌਰ ਸਥਿਤ ਮਿਊਜ਼ੀਅਮ ਵਿਚੋਂ ਮਿਲਿਆ

ਭਗਤ ਸਿੰਘ ਦਾ ਪਿਸਤੌਲ ਬੀਐਸਐਫ ਦੇ ਇੰਦੌਰ ਸਥਿਤ ਮਿਊਜ਼ੀਅਮ ਵਿਚੋਂ ਮਿਲਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤ ਦੀ ਆਜ਼ਾਦੀ ਦੇ ਘੋਲ ਦੌਰਾਨ ਭਗਤ ਸਿੰਘ ਵੱਲੋਂ 17 ਦਸੰਬਰ, 1928 ਨੂੰ ਲਾਹੌਰ ਵਿੱਚ ਸਹਾਇਕ ਪੁਲੀਸ ਸੁਪਰਡੈਂਟ ਜੌਹਨ ਸਾਂਡਰਸ ਦੀ ਜਿਹੜੇ ਪਿਸਤੌਲ ਨਾਲ ਹੱਤਿਆ ਕੀਤੀ ਗਈ ਸੀ, ਉਹ ਇੰਦੌਰ ਵਿੱਚ ਬੀਐਸਐਫ ਦੇ ਸੈਂਟਰਲ ਸਕੂਲ ਆਫ ਵੈਪਨ ਐਂਡ ਟੈਕਟਿਕਸ (ਸੀਐਸਡਬਲਿਊਟੀ) ਮਿਊਜ਼ੀਅਮ ਵਿਚੋਂ ਸੁਰੱਖਿਅਤ ਮਿਲ ਗਿਆ ਹੈ। ਅਫ਼ਸੋਸ ਦੀ ਗੱਲ ਹੈ ਕਿ ਇਹ ਪਿਸਤੌਲ ਇਸ ਨਾਲ ਜੁੜੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਹੀ ਅਜਾਇਬਘਰ ਵਿੱਚ ਪ੍ਰਦਰਸ਼ਤ ਕੀਤਾ ਗਿਆ ਸੀ। ਇਤਿਹਾਸਕਾਰ ਅਤੇ ਖੋਜਕਾਰਾਂ ਵੱਲੋਂ ਲਾਪਤਾ ਪਿਸਤੌਲ ਬਾਰੇ ਸਮੇਂ ਸਮੇਂ ਆਵਾਜ਼ ਉਠਾਈ ਜਾਂਦੀ ਰਹੀ ਹੈ। ਜ਼ਿਕਰਯੋਗ ਹੈ ਕਿ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ ਲਾਹੌਰ ਸਾਜ਼ਿਸ਼ ਕੇਸ ਅਤੇ ਲਾਪਤਾ ਪਿਸਤੌਲ ਬਾਰੇ ਜਾਣਕਾਰੀ ਪ੍ਰਕਾਸ਼ਤ ਕੀਤੀ ਗਈ ਸੀ।
‘ਟ੍ਰਿਬਿਊਨ’ ਦੀ ਪੜਤਾਲ ਦੌਰਾਨ ਪਤਾ ਲੱਗਾ ਸੀ ਕਿ ਇਹ ਪਿਸਤੌਲ 1969 ਤੱਕ ਪੰਜਾਬ ਪੁਲੀਸ ਅਕੈਡਮੀ, ਫਿਲੌਰ ਵਿੱਚ ਸੀ ਅਤੇ ਹੁਣ ਇਹ ਇਤਿਹਾਸਕ ਹਥਿਆਰ ਬੀਐਸਐਫ ਦੇ ਇੰਦੌਰ ਸਥਿਤ ਸੀਐਸਡਬਲਿਊਟੀ ਵਿਚੋਂ ਮਿਲਿਆ ਹੈ। ਸੀਐਸਡਬਲਿਊਟੀ ਦੇ ਆਈਜੀ ਅਤੇ ਕਮਾਂਡੈਂਟ ਪੰਕਜ ਨੇ ਦੱਸਿਆ ਕਿ ਅਮਰੀਕਾ ਦੇ ਬਣੇ ਕੋਲਟ.32 ਬੋਰ ਆਟੋਮੈਟਿਕ ਪਿਸਤੌਲ ਦਾ ਬੱਟ ਨੰਬਰ 460-ਐਮ ਅਤੇ ਬਾਡੀ ਨੰ- 168896 ਨਾਲ ਰਿਕਾਰਡ ਵਿਚ ਦਰਜ ਇਕ ਪਿਸਤੌਲ ਮੇਲ ਖਾਂਦਾ ਹੈ। ਪੰਜਾਬ ਪੁਲੀਸ ਅਕੈਡਮੀ, ਫਿਲੌਰ ਦੀਆਂ ਫਾਈਲਾਂ ਵਿਚੋਂ ਇਸ ਪਿਸਤੌਲ ਬਾਰੇ ਮਿਲੇ ਵੇਰਵੇ ਆਈਜੀ ਦੇ ਸਹਾਇਕ ਅਧਿਕਾਰੀਆਂ ਨੂੰ ਭੇਜੇ ਗਏ ਸਨ, ਜਿਨ੍ਹਾਂ ਕਿਹਾ ਸੀ ਕਿ ਅਜਿਹਾ ਕੋਈ ਰਿਕਾਰਡ ਨਹੀਂ ਲੱਭਾ ਹੈ।
ਪੰਕਜ ਨੇ ਖੁਸ਼ ਹੁੰਦਿਆਂ ਕਿਹਾ, ‘ਅਸੀਂ ਲੱਭ ਲਿਆ ਹੈ। ਅਸੀਂ ਕੁੱਝ ਪੁਰਾਣੇ ਮੁਲਾਜ਼ਮਾਂ ਦੇ ਸੰਪਰਕ ਵਿੱਚ ਸੀ, ਜਿਨ੍ਹਾਂ ਨੇ ਦੱਸਿਆ ਕਿ ਇਹ ਹਥਿਆਰ ਇਥੇ ਹੈ। ਪਿਸਤੌਲ ਦੇ ਨੰਬਰ ਮੇਲ ਖਾ ਗਏ ਹਨ। ਹੁਣ ਇਸ ਨੂੰ ਸ਼ਹੀਦ ਦੇ ਨਾਂ ਨਾਲ ਪ੍ਰਦਰਸ਼ਤ ਕੀਤਾ ਜਾਵੇਗਾ।’ ਪੰਜਾਬ ਪੁਰਾਲੇਖ, ਲਾਹੌਰ ਵਿੱਚ ਪਈਆਂ ਲਾਹੌਰ ਸਾਜ਼ਿਸ਼ ਕੇਸ ਦੀਆਂ ਫਾਈਲਾਂ ਤਕ ਪਹਿਲੀ ਵਾਰ ਪਹੁੰਚ ਕਰਨ ਵਾਲੀ ਖੋਜਾਰਥੀ ਅਪਰਨਾ ਵੈਦਿਕ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਕਿਸ਼ਤਾਂ ਵਿੱਚ ਸ਼ਹੀਦ ਬਾਰੇ ਜਾਣਕਾਰੀ ਪ੍ਰਕਾਸ਼ਤ ਕੀਤੀ ਗਈ ਸੀ। ਪੁਲੀਸ ਅਕੈਡਮੀ, ਫਿਲੌਰ ਤੋਂ 7 ਅਕਤੂਬਰ, 1969 ਨੂੰ ਸੀਐਸਡਬਲਿਊਟੀ,  ਇੰਦੌਰ ਨੂੰ ਸੱਤ ਹੋਰ ਹਥਿਆਰਾਂ ਸਮੇਤ ਇਹ ਪਿਸਤੌਲ ਤਬਦੀਲ ਕੀਤਾ ਗਿਆ ਸੀ। ਇਤਫ਼ਾਕਨ 39 ਸਾਲ ਪਹਿਲਾਂ ਇਸੇ ਦਿਨ ਤਿੰਨ ਜੱਜਾਂ ਦੇ ਵਿਸ਼ੇਸ਼ ਟ੍ਰਿਬਿਊਨਲ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਜੱਜ ਨੇ ਜਿਸ ਪੈੱਨ ਨਾਲ ਮੌਤ ਦੀ ਸਜ਼ਾ ‘ਤੇ ਹਸਤਾਖ਼ਰ ਕੀਤੇ ਸਨ, ਉਹ ਵੀ ਪੁਲੀਸ ਅਕੈਡਮੀ ਤੋਂ ਪੰਜਾਬ ਸਭਿਆਚਾਰਕ ਵਿਭਾਗ ਅਤੇ ਬਾਅਦ ਵਿੱਚ ਭਗਤ ਸਿੰਘ ਦੀ ਯਾਦ ਵਿੱਚ ਉਸ ਦੇ ਪਿੰਡ ਖਟਕੜ ਕਲਾਂ ਵਿੱਚ ਬਣੇ ਅਜਾਇਬਘਰ ਲਈ ਤਬਦੀਲ ਕਰ ਦਿੱਤਾ ਸੀ। ਪਰ ਇਹ ਪਿਸਤੌਲ, ਜਿਸ ਦੀ ਪੰਜਾਬ ਵਿੱਚ ਵੱਡੀ ਇਤਿਹਾਸਕ ਅਤੇ ਭਾਵਨਾਤਮਕ ਮਹੱਤਤਾ ਹੈ, ਕਈ ਦਹਾਕਿਆਂ ਬਾਅਦ ਹੁਣ ਮਿਲਿਆ ਹੈ।