ਸਰਬੱਤ ਖ਼ਾਲਸਾ ਨਾ ਹੋਇਆ ਤਾਂ ਆਤਮਦਾਹ ਕਰਾਂਗਾ : ਮਾਨ

ਸਰਬੱਤ ਖ਼ਾਲਸਾ ਨਾ ਹੋਇਆ ਤਾਂ ਆਤਮਦਾਹ ਕਰਾਂਗਾ : ਮਾਨ

ਤਲਵੰਡੀ ਸਾਬੋ/ਬਿਊਰੋ ਨਿਊਜ਼ :
ਦਸ ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਰਬੱਤ ਖ਼ਾਲਸਾ ਨੂੰ ਤਾਰਪੀਡੋ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਅੜਿੱਕਿਆਂ ਤੋਂ ਦੁਖੀ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਉਹ ਆਤਮਦਾਹ ਕਰ ਲੈਣਗੇ ਜਾਂ ਭਾਰਤ ਵਿੱਚੋਂ ਹਿਜ਼ਰਤ ਕਰਕੇ ਪਾਕਿਸਤਾਨ ਵਿੱਚ ਪਨਾਹ ਲੈਣਗੇ ਅਤੇ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹਨਗੇ।
ਸਿਮਰਨਜੀਤ ਸਿੰਘ ਮਾਨ ਸਰਬੱਤ ਖ਼ਾਲਸਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਸਮੇਤ ਇੱਥੇ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ., ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿੱਖ ਕੌਮ ਵਿਰੋਧੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਦੀ ਕਠਪੁਤਲੀ ਹੈ। ਇਨ੍ਹਾਂ ਵਿਰੋਧੀ ਤਾਕਤਾਂ ਦੇ ਇਸ਼ਾਰੇ ਕਰਕੇ ਅਕਾਲੀ ਸਰਕਾਰ ਇੱਥੇ ਸਰਬੱਤ ਖ਼ਾਲਸਾ ਨੂੰ ਨਾਕਾਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਸਮਾਗਮ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਪੁਲੀਸ ਵੱਲੋਂ ਸਰਬੱਤ ਖ਼ਾਲਸਾ ਦੀਆਂ ਤਿਆਰੀਆਂ ਵਿੱਚ ਲੱਗੇ ਵਰਕਰਾਂ ਅਤੇ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸ੍ਰੀ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਉਹ ਆਪਣੇ ਆਪ ਉਪਰ ਪੈਟਰੋਲ ਪਾ ਕੇ ਅੱਗ ਲਾ ਲੈਣਗੇ ਜਾਂ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਉੱਥੇ ਜਾ ਕੇ ਸਿਆਸੀ ਪਨਾਹ ਲੈਣਗੇ।
ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੀ ਚਿਤਾਵਨੀ ਬਾਰੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਜਦੋਂ ਪਾਣੀ ਪੁਲਾਂ ਤੋਂ ਦੀ ਲੰਘ ਜਾਵੇ ਤਾਂ ਮਜਬੂਰੀ ਵਿੱਚ ਅਜਿਹੇ ਕਦਮ ਚੁੱਕਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਇੱਕ ਧਾਰਮਿਕ ਸਮਾਗਮ ਹੈ, ਜਿਸ ਵਿੱਚ ਸਮੁੱਚੀ ਕੌਮ ਨੇ ਇਕੱਠੀ ਹੋ ਕੇ ਕੌਮ ਦੇ ਉਲਝੇ ਹੋਏ ਗੰਭੀਰ ਮਸਲਿਆਂ ਨੂੰ ਹੱਲ ਕਰਨ ਲਈ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਸਰਕਾਰ ਇਸ ਸਮਾਗਮ ਤੋਂ ਘਬਰਾ ਕੇ ਇਸ ਨੂੰ ਫੇਲ੍ਹ ਕਰਨ ਵਿੱਚ ਲੱਗੀ ਹੋਈ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਬੱਤ ਖ਼ਾਲਸਾ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤ ਸ਼ਿਰਕਤ ਕਰਨਗੀਆਂ ਪਰ ਸਰਕਾਰ ਇਸ ਸਮਾਗਮ ਨੂੰ ਤਾਰਪੀਡੋ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬਦਅਮਨੀ ਕੀਤੀ ਅਤੇ ਸਰਬੱਤ ਖ਼ਾਲਸਾ ਦੇ ਸਬੰਧ ਵਿੱਚ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਨਾ ਕੀਤੀਆਂ ਤਾਂ ਇਸ ਤੋਂ ਨਿਕਲਣ ਵਾਲੇ  ਭਿਆਨਕ ਸਿੱਟਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।