ਆਖ਼ਰ ਕੰਨੜ ਅਧਿਆਪਕ ਹੀ ਪੰਜਾਬੀ ਪੜ੍ਹਾਉਣ ਲਈ ਰਾਜ਼ੀ ਹੋਇਆ

ਆਖ਼ਰ ਕੰਨੜ ਅਧਿਆਪਕ ਹੀ ਪੰਜਾਬੀ ਪੜ੍ਹਾਉਣ ਲਈ ਰਾਜ਼ੀ ਹੋਇਆ

ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦੇਣਗੇ ਪ੍ਰੋ. ਪੰਡਿਤਰਾਓ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬੀ ਸੂਬੇ ਦੀ ਵਰ੍ਹੇਗੰਢ ਮਨਾਉਣ ਵਲਿਆਂ ਨੇ ਜੇ ਓਨੀ ਹੀ ਸ਼ਿੱਦਤ ਨਾਲ ਪੰਜਾਬੀ ਮਾਂ ਬੋਲੀ ਵੱਲ ਤਵੱਜੋ ਦਿੱਤੀ ਹੁੰਦੀ ਤਾਂ ਸ਼ਾਇਦ ਰਾਜਧਾਨੀ ਚੰਡੀਗੜ੍ਹ ਵਿਚ ‘ਮਾਂ-ਬੋਲੀ’ ਆਪਣੇ ਆਪ ਨੂੰ ਪ੍ਰਵਾਸੀ ਮਹਿਸੂਸ ਨਾ ਕਰਦੀ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਕੇਵਲ ਇਕ ਵਿਅਕਤੀ ਹੀ ਮੁਫ਼ਤ ਪੰਜਾਬੀ ਪੜ੍ਹਾਉਣ ਲਈ ਰਾਜ਼ੀ ਹੋਇਆ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ 11ਵੀਂ ਤੇ 12ਵੀਂ ਕਲਾਸਾਂ ਦੇ ਬੱਚਿਆਂ ਨੂੰ ਹਫ਼ਤੇ ਵਿਚ ਇਕ ਦਿਨ ਵੱਖ-ਵੱਖ ਵਿਸ਼ੇ ਮੁਫ਼ਤ ਪੜ੍ਹਾਉਣ ਲਈ ਡਾਕਟਰਾਂ/ਪ੍ਰੋਫੈਸਰਾਂ, ਇੰਜੀਨੀਅਰਾਂ, ਵਕੀਲਾਂ, ਪੱਤਰਕਾਰਾਂ, ਪ੍ਰੋਫੈਸਰਾਂ, ਸੇਵਾ ਅਧੀਨ ਤੇ ਰਿਟਾਇਰਡ ਅਫ਼ਸਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ ਤਹਿਤ 90 ਲੋਕਾਂ ਵੱਲੋਂ ਅਪਲਾਈ ਕੀਤਾ ਗਿਆ ਸੀ, ਪਰ ਅਪਲਾਈ ਕਰਨ ਵਾਲਿਆਂ ਵਿਚ ਪੰਜਾਬੀ ਵਿਸ਼ਾ ਪੜ੍ਹਾਉਣ ਲਈ ਦਰਖਾਸਤ ਦੇਣ ਵਾਲਾ ਕੇਵਲ ਇਕ ਵਿਅਕਤੀ ਪ੍ਰੋ. ਪੰਡਿਤਰਾਓ ਧਰੇਨਵਰ ਸਨ। ਪ੍ਰੋ. ਪੰਡਿਤਰਾਓ ਮੂਲ ਰੂਪ ਵਿਚ ਕਰਨਾਟਕ ਨਾਲ ਸਬੰਧਤ ਹਨ ਤੇ ਉਨ੍ਹਾਂ ਦੀ ਮਾਤ ਭਾਸ਼ਾ ਕੰਨੜ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬੀ ਨਾਲ ਅਥਾਹ ਪਿਆਰ ਹੈ। ਉਹ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 46 ਵਿਚ ਸਥਿਤ ਸਰਕਾਰੀ ਕਾਲਜ ਵਿਚ ਸਮਾਜ ਸ਼ਾਸ਼ਤਰ ਵਿਸ਼ਾ ਪੜ੍ਹਾ ਰਹੇ ਹਨ। ਪ੍ਰੋ. ਧਰੇਨਵਰ ਹੁਣ ਹਫ਼ਤੇ ਵਿਚ ਇਕ ਦਿਨ ਸੈਕਟਰ 46 ਦੇ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਨਾਲ-ਨਾਲ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦੇਣਗੇ।