ਬਾਪੂ ਸੂਰਤ ਸਿੰਘ ਖਾਲਸਾ ਵਲੋਂ ਪਹਿਲੀ ਨਵੰਬਰ ਤੋਂ ਮੁੜ ਪਾਣੀ ਤਿਆਗਣ ਦਾ ਐਲਾਨ

ਬਾਪੂ ਸੂਰਤ ਸਿੰਘ ਖਾਲਸਾ ਵਲੋਂ ਪਹਿਲੀ ਨਵੰਬਰ ਤੋਂ ਮੁੜ ਪਾਣੀ ਤਿਆਗਣ ਦਾ ਐਲਾਨ

ਲੁਧਿਆਣਾ/ਬਿਊਰੋ ਨਿਊਜ਼ :
ਪਿਛਲੇ ਲੰਮੇਂ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਇਸ ਸੰਘਰਸ਼ ਨੂੰ ਕਿਸੇ ਕੰਢੇ ਬੰਨੇ ਲਾਉਣ ਦਾ ਫੈਸਲਾ ਕਰਦਿਆਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ‘ਤੇ ਪਹਿਲੀ ਨਵੰਬਰ ਤੋਂ ਮੁੜ ਪਾਣੀ ਤਿਆਗਣ ਦਾ ਐਲਾਨ ਕੀਤਾ ਗਿਆ ਹੈ। ਉਹ ਅੱਜ ਕੱਲ੍ਹ ਪੁਲੀਸ ਪਹਿਰੇ ਹੇਠ ਦਯਾਨੰਦ ਹਸਪਤਾਲ ਵਿਖੇ ਜ਼ਬਰੀ ਇਲਾਜ ਅਧੀਨ ਹਨ। ਬਾਪੂ ਸੂਰਤ ਸਿੰਘ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਆਪਣੇ ਇਸ ਸੰਘਰਸ਼ ਨੂੰ ਆਰ-ਪਾਰ ਦੀ ਲੜਾਈ ਵਜੋਂ ਲੈ ਕੇ ਚੱਲ ਰਹੇ ਹਨ, ਪਰ ਪੰਜਾਬ ਪੁਲੀਸ ਨੇ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਜਬਰੀ ਘਰੋਂ ਚੁੱਕ ਕੇ ਕਈ ਵਾਰੀ ਹਸਪਤਾਲ ਦਾਖਲ ਕਰਾ ਦਿੱਤਾ ਜਿੱਥੇ ਪੁਲੀਸ ਨੇ ਧੱਕੇਸ਼ਾਹੀ ਨਾਲ ਡਾਕਟਰਾਂ ਪਾਸੋਂ ਉਨ੍ਹਾਂ ਨੂੰ ਸਿਹਤ ਬਚਾਓ ਦਵਾਈਆਂ ਤੋਂ ਇਲਾਵਾ ਨੱਕ ਵਿਚ ਖੁਰਾਕ ਨਾਲ਼ੀ ਲਾ ਕੇ ਜ਼ਬਰੀ ਤਰਲ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ। ਜਥੇਦਾਰ ਖਾਲਸਾ ਨੇ ਸਮੂਹ ਪੰਥ ਦਰਦੀਆਂ ਨੂੰ 10 ਨਵੰਬਰ ਦੇ ਸਰਬੱਤ ਖਾਲਸਾ ਵਿਚ ਹੁੰਮ ਹੁੰਮਾ ਕੇ ਪਹੁੰਚਣ ਤੇ ਸਿੱਖ ਕੌਮ ਦੇ ਉਜਲੇ ਭਵਿੱਖ ਲਈ ਲੰਮੇਂ ਸਮੇਂ ਦੀ ਠੋਸ ਤੇ ਉਸਾਰੂ ਰਣਨੀਤੀ ਬਣਾਉਣ ਦੀ ਅਪੀਲ ਕਰਦਿਆਂ ਵੱਖੋ ਵੱਖ ਪੰਥਕ ਜਥੇਬੰਦੀਆਂ ਨੂੰ ਪੰਥਕ ਹਿੱਤਾਂ ਖਾਤਰ ਨਿੱਜੀ ਹਉਮੈ ਤਿਆਗ ਕੇ ਇਕਮੁੱਠ ਹੋਣ ਦੀ ਵੀ ਮੰਗ ਕੀਤੀ।