ਨਾਵਲਕਾਰ ਦਰਸ਼ਨ ਸਿੰਘ ਦਾ ਦੇਹਾਂਤ

ਨਾਵਲਕਾਰ ਦਰਸ਼ਨ ਸਿੰਘ ਦਾ ਦੇਹਾਂਤ

ਨਵੀਂ ਦਿੱਲੇ/ਬਿਊਰੋ ਨਿਊਜ਼
ਉੱਘੇ ਨਾਵਲਕਾਰ ਦਰਸ਼ਨ ਸਿੰਘ ਦਾ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਉਹ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਸਨ। ਉਨ੍ਹਾਂ ਦਾ ਸਸਕਾਰ ਭਲਕੇ ਬਾਅਦ ਦੁਪਹਿਰ ਢਾਈ ਵਜੇ ਲੋਧੀ ਰੋਡ, ਨਵੀਂ ਦਿੱਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਦਰਸ਼ਨ ਸਿੰਘ ਦਾ ਜਨਮ ਜੈ ਸਿੰਘ ਤੇ ਵੀਰਾਂਵਾਲੀ ਦੇ ਘਰ, ਸਾਂਗਲਾ ਹਿੱਲ ਸ਼ੇਖ਼ੂਪੁਰਾ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਉਮਦਾ ਗਾਇਕਾ ਤਰਲੋਚਨ ਕੌਰ ਨਾਲ ਹੋਇਆ, ਜਿਨ੍ਹਾਂ ਦਾ ਗਾਇਆ ਫ਼ੈਜ਼ (ਫ਼ੈਜ਼ ਅਹਿਮਦ ਫ਼ੈਜ਼) ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਿਆ ਹੋਇਆ ਹੈ। ਉਨ੍ਹਾਂ ਦੇ ਘਰ ਇਕ ਧੀ ਪ੍ਰੀਤੀ ਸਿੰਘ ਅਤੇ ਇਕ ਪੁੱਤਰ ਨਵਰੂਪ ਸਿੰਘ ਨੇ ਜਨਮ ਲਿਆ। ਮੁਲਕ ਦੀ ਵੰਡ ਵੇਲੇ ਉਹ ਪਰਿਵਾਰ ਸਮੇਤ ਦਿੱਲੀ ਆਣ ਵਸੇ ਸਨ।
ਉਨ੍ਹਾਂ ਰੂਸੀ ਦੂਤਘਰ ਦੇ ਸੂਚਨਾ ਵਿਭਾਗ ਵਿੱਚ ਨੌਕਰੀ ਕੀਤੀ। ਪੌਣੇ ਕੁ ਚਾਰ ਸਾਲ ਉਨ੍ਹਾਂ ਮਾਸਕੋ ਵੀ ਗੁਜ਼ਾਰੇ। ਉਨ੍ਹਾਂ ਦਾ ਮੁੱਖ ਕੰਮ ਅਨੁਵਾਦਕ ਦਾ ਹੁੰਦਾ ਸੀ। ਉਹ ਪਹਿਲੇ ਵਿਅਕਤੀ ਸਨ ਜੋ ਭਾਰਤ ਵਿਚਲੇ ਇਸ ਵਿਭਾਗ ਤੋਂ ਉਥੇ ਗਏ ਸਨ। ਉਨ੍ਹਾਂ 70 ਸਾਲ ਦੀ ਉਮਰੇ ਲਿਖਣਾ ਆਰੰਭ ਕੀਤਾ ਅਤੇ ਕੁਝ ਹੀ ਸਮੇਂ ਅੰਦਰ ਪੰਜਾਬੀ ਸਾਹਿਤ ਜਗਤ ਅੰਦਰ ਛਾ ਗਏ। ਹੁਣ ਤਕ ਉਨ੍ਹਾਂ ਦੇ 11 ਨਾਵਲ, ਇਕ ਕਹਾਣੀ ਸੰਗ੍ਰਹਿ ‘ਹਨੇਰੀ’ ਅਤੇ ਰੇਖਾ ਚਿੱਤਰਾਂ ਦੀ ਕਿਤਾਬ ‘ਅੱਧ ਚਾਨਣਾ’ ਛਪ ਚੁੱਕੇ ਹਨ। ਨਾਵਲਾਂ ਵਿੱਚੋਂ ‘ਲੋਟਾ’ ਨੂੰ ਸਾਲ 2015 ਦਾ 25 ਹਜ਼ਾਰ ਕੈਨੇਡੀਅਨ ਡਾਲਰਾਂ ਵਾਲਾ ਢਾਹਾਂ ਕੌਮਾਂਤਰੀ ਇਨਾਮ ਮਿਲਿਆ। ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ, ਕਹਾਣੀਕਾਰ ਗੁਲਜ਼ਾਰ ਸਿੰਘ ਸਣੇ ਕੲੀ ਸ਼ਖ਼ਸੀਅਤਾਂ ਨੇ   ਦਰਸ਼ਨ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।