ਸਰਬੱਤ ਖ਼ਾਲਸਾ: ਸਿੱਖ ਜਥੇਬੰਦੀਆਂ ਵਿਚਾਲੇ ਮੁੜ ਸਫ਼ਬੰਦੀ ਹੋਣ ਦੀ ਸੰਭਾਵਨਾ

ਸਰਬੱਤ ਖ਼ਾਲਸਾ: ਸਿੱਖ ਜਥੇਬੰਦੀਆਂ ਵਿਚਾਲੇ ਮੁੜ  ਸਫ਼ਬੰਦੀ ਹੋਣ ਦੀ ਸੰਭਾਵਨਾ

ਪੰਜ ਪਿਆਰਿਆਂ ਦੀ ਅਗਵਾਈ ਨੂੰ ਲੈ ਕੇ ਕੁਝ ਧਿਰਾਂ ਦੁਚਿਤੀ ਵਿਚ
ਅੰਮ੍ਰਿਤਸਰ/ਬਿਊਰੋ ਨਿਊਜ਼ :
10 ਨਵੰਬਰ ਨੂੰ ਸੱਦੇ ਜਾ ਰਹੇ ਸਰਬੱਤ ਖ਼ਾਲਸਾ ਦੇ ਮਾਮਲੇ ਵਿੱਚ ਸਿੱਖ ਜਥੇਬੰਦੀਆ ਵਿਚਾਲੇ ਮੁੜ ਸਫ਼ਬੰਦੀ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦਲ ਖ਼ਾਲਸਾ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਅਕਾਲ ਤਖ਼ਤ ‘ਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾ ਚੁੱਕੇ ਪੰਜ ਸਿੰਘਾਂ ਦੀ ਅਗਵਾਈ ਹੇਠ ਪੰਥਕ ਏਕਤਾ ਅਤੇ ਵਿਧੀ-ਵਿਧਾਨ ਅਨੁਸਾਰ ਅਗਲਾ ਸਰਬੱਤ ਖ਼ਾਲਸਾ ਕਰਨ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ।
ਦੱਸਣਯੋਗ ਹੈ ਕਿ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਹਾਲ ਹੀ ਵਿੱਚ ਜੇਲ੍ਹ ਤੋਂ ਜਾਰੀ ਕੀਤੇ ਇੱਕ ਪੱਤਰ ਰਾਹੀਂ ਆਖਿਆ ਕਿ ਇਸ ਵਾਰ ਸਰਬੱਤ ਖ਼ਾਲਸਾ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਗਏ ਪੰਜ ਪਿਆਰੇ ਕਰਨਗੇ ਜਦੋਂਕਿ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰ ਸਮਾਗਮ ਦੀ ਸਰਪ੍ਰਸਤੀ ਕਰਨਗੇ। ਇਸ ਸੁਨੇਹੇ ਤੋਂ ਬਾਅਦ ਸਰਬੱਤ ਖ਼ਾਲਸਾ ਨਾਲ ਜੁੜੀਆਂ ਕੁਝ ਪ੍ਰਮੁੱਖ ਧਿਰਾਂ ਦੁਚਿੱਤੀ ਵਿੱਚ ਹਨ। ਇਨ੍ਹਾਂ ਧਿਰਾਂ ਦਾ ਕਹਿਣਾ ਹੈ ਕਿ ਜਥੇਦਾਰਾਂ ਦੇ ਹੁੰਦਿਆਂ ਪੰਜ ਪਿਆਰਿਆਂ ਨੂੰ ਵਧੇਰੇ ਅਹਿਮੀਅਤ ਦੇਣਾ ਸਿਧਾਂਤਾਂ ਦੇ ਉਲਟ ਹੋਵੇਗਾ। ਫਿਲਹਾਲ ਇਨ੍ਹਾਂ ਧਿਰਾਂ ਨੇ ਆਪਣੀ ਦੁਚਿੱਤੀ ਸਬੰਧੀ ਕੋਈ ਠੋਸ ਫੈਸਲਾ ਨਹੀਂ ਕੀਤਾ ਪਰ ਦੂਜੇ ਪਾਸੇ ਕੁਝ ਧਿਰਾਂ, ਜੋ 2015 ਸਰਬੱਤ ਖ਼ਾਲਸਾ ਤੋਂ ਦੂਰ ਰਹੀਆਂ ਸਨ, ਹੁਣ ਇਸ ਦੇ ਨਾਲ ਜੁੜ ਰਹੀਆਂ ਹਨ। ਇਸੇ ਸਬੰਧ ਵਿੱਚ ਦਲ ਖ਼ਾਲਸਾ ਜਥੇਬੰਦੀ ਦੀ ਇੱਕ ਮੀਟਿੰਗ ਹੋਈ ਹੈ। ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ  ਵੱਲੋਂ ਪੰਥਕ ਏਕਤਾ ਦੇ ਹੱਕ ਵਿੱਚ ਕੀਤੀ ਅਪੀਲ ਦਾ ਉਹ ਸਮਰਥਨ ਕਰਦੇ ਹਨ। ਦਲ ਖ਼ਾਲਸਾ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਰਗਰਮ ਹਮ-ਖਿਆਲੀ ਜਥੇਬੰਦੀ ‘ਸਿੱਖ ਫੈਡਰੇਸ਼ਨ ਯੂ.ਕੇ’ ਨੇ ਵੀ ਭਾਈ ਹਵਾਰਾ ਵੱਲੋਂ ਆਰੰਭੀ ਪੰਥਕ ਏਕਤਾ ਦੀ ਮੁਹਿੰਮ ਦਾ ਸਮਰਥਨ ਕੀਤਾ ਹੈ। ਸਿੱਖ ਫੈਡਰੇਸ਼ਨ ਦੇ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੀਆਂ ਜਥੇਬੰਦੀਆਂ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣਗੀਆਂ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵੀ ਭਾਈ ਹਵਾਰਾ ਦੇ ਹੱਕ ਵਿੱਚ ਨਿਤਰੇ ਹਨ।