ਗੁਰਦਾਸਪੁਰ ਵਿਚ ਬੀਐਸਐਫ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ

ਗੁਰਦਾਸਪੁਰ ਵਿਚ ਬੀਐਸਐਫ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ

ਗੁਰਦਾਸਪੁਰ/ਬਿਊਰੋ ਨਿਊਜ਼ :
ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਅਧੀਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਉੱਤੇ ਸਥਿਤ ਬੀਐਸਐਫ ਦੀ ਚੱਕਰੀ ਚੌਕੀ ਨੇੜਿਓਂ ਹੋਈ ਘੁਸਪੈਠ ਦੀ ਕੋਸ਼ਿਸ਼ ਨੂੰ ਬੀਐਸਐਫ ਜਵਾਨਾਂ ਨੇ ਨਾਕਾਮ ਬਣਾ ਦਿੱਤਾ। ਇਸ ਘਟਨਾ ਕਾਰਨ ਸਰਹੱਦੀ ਇਲਾਕੇ ਵਿੱਚ ਦਹਿਸ਼ਤ ਹੈ। ਇਸ ਮੌਕੇ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਉੱਤੇ ਗੋਲੀਬਾਰੀ ਵੀ ਕੀਤੀ ਪਰ ਘੁਸਪੈਠੀਏ ਹਨੇਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਏ। ਬੀਐਸਐਫ ਤੇ ਪੁਲੀਸ ਦੇ ਉੱਚ ਅਧਿਕਾਰੀ ਸਰਹੱਦ ਉੱਤੇ ਕਾਰਵਾਈ ਵਿੱਚ ਰੁੱਝੇ ਹੋਏ ਸਨ ਪਰ ਅਜੇ ਤੱਕ ਕਿਸੇ ਨੇ ਘਟਨਾ ਦੀ ਪੁਸ਼ਟੀ ਨਹੀਂ ਕੀਤੀ।
ਜਾਣਕਾਰੀ ਅਨੁਸਾਰ ਪਾਕਿਸਤਾਨੀ ਘੁਸਪੈਠੀਆਂ ਨੇ ਐਤਵਾਰ ਰਾਤ ਕਰੀਬ ਡੇਢ ਵਜੇ ਚੱਕਰੀ ਚੌਕੀ ਨੇੜਿਓਂ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੀ ਗਿਣਤੀ ਅੱਠ ਦੇ ਕਰੀਬ ਦੱਸੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਸਨ ਅਤੇ ਬੀਐਸਐਫ ਵੱਲੋਂ ਲਾਈਟਾਂ ਵੀ ਜਗਾਈਆਂ ਗਈਆਂ। ਸੂਚਨਾ ਮਿਲਦਿਆਂ ਪੁਲੀਸ ਦੇ ਉੱਚ ਅਧਿਕਾਰੀ ਫੋਰਸ ਸਮੇਤ ਮੌਕੇ ਉੱਤੇ ਪੁੱਜ ਗਏ। ਸੂਤਰਾਂ ਅਨੁਸਾਰ ਬੀਐਸਐਫ ਨੂੰ ਕੰਡਿਆਲੀ ਤਾਰ ਦੇ ਪਾਰਲੇ ਪਾਸੇ ਕੁਝ ਸ਼ੱਕੀਆਂ ਦੀ ਹਿਲਜੁੱਲ ਨਜ਼ਰ ਆਈ ਸੀ। ਖ਼ਬਰ ਲਿਖੇ ਜਾਣ ਤੱਕ ਕੋਈ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਸੀ। ਏਜੰਸੀ ਰਿਪੋਰਟਾਂ ਅਨੁਸਾਰ ਸ਼ੱਕੀ ਘੁਸਪੈਠੀਆਂ ਦੀ ਗਿਣਤੀ 8 ਤੋਂ 10 ਸੀ ਅਤੇ ਉਨ੍ਹਾਂ ਨੂੰ ਥਰਮਲ ਇਮੇਜਿੰਗ ਵਿਧੀਆਂ ਦੀ ਮਦਦ ਨਾਲ ਹਨੇਰੀ ਵਿੱਚ ਭਾਰਤ ਵੱਲ ਵਧਦੇ ਹੋਏ ਦੇਖਿਆ ਗਿਆ।