ਹਰਪ੍ਰੀਤ ਸਿੰਘ ਹੰਸਰਾ ਦੀ ਚੋਣ ਰੈਲੀ ਨੇ ਧੰਨ-ਧੰਨ ਕਰਵਾਈ

ਹਰਪ੍ਰੀਤ ਸਿੰਘ ਹੰਸਰਾ ਦੀ ਚੋਣ ਰੈਲੀ ਨੇ ਧੰਨ-ਧੰਨ ਕਰਵਾਈ

ਦੂਜੇ ਕੌਂਸਲਰਾਂ ਨਾਲ ਦੋਸਤੀ ਪੁਗਾਉਣ ਲਈ ਬਰੈਂਪਟਨ ਦਾ ਭਵਿੱਖ ਦਾਅ ਤੇ ਨਹੀਂ ਲਾਵਾਂਗਾ : ਹੰਸਰਾ
ਬਰੈਂਪਟਨ/ਬਿਊਰੋ ਨਿਊਜ਼ :
ਬਰੈਂਪਟਨ ਦੇ ਵਾਰਡਜ਼ 3 ਅਤੇ 4 ਤੋਂ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਹਰਪ੍ਰੀਤ ਸਿੰਘ ਹੰਸਰਾ ਨੇ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਕਿਸੇ ਵੱਡੀ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ ਐਤਵਾਰ ਦੀ ਚੋਣ ਰੈਲੀ ਨੇ ਬਰੈਂਪਟਨ ਦੇ ਸਿਆਸੀ ਪਿੜ ਵਿੱਚ ਗੂੜ੍ਹੀਆਂ ਪੈੜਾਂ ਪਾ ਦਿੱਤੀਆਂ ਹਨ। ਅੱਤ ਦੀ ਗਰਮੀ ਵਿੱਚ ਸੈਂਕੜੇ ਲੋਕਾਂ ਨੇ ਹੰਸਰਾ ਦੀ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਸਟੀਲਜ਼ ਅਤੇ ਹਾਈਵੇਅ 10 ਦੀ ਨੁੱਕਰ ‘ਤੇ ਹਰਪ੍ਰੀਤ ਸਿੰਘ ਹੰਸਰਾ ਦੇ ਚੋਣ ਦਫਤਰ ਦੇ ਸਾਹਮਣੇ ਲੱਗੇ ਇਸ ਸਿਆਸੀ ਮੇਲੇ ਵਿੱਚ ਬਰੈਂਪਟਨ ਸ਼ਹਿਰ ਦੀ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ।
ਬਰੈਂਪਟਨ ਦੇ ਮਸ਼ਹੂਰ ਡਰੀਊ ਪਰਿਵਾਰ ਦੇ ਫਰਜੰਦ ਕ੍ਰਿਸ ਡਰੀਊ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹਰਪ੍ਰੀਤ ਸਿੰਘ ਹੰਸਰਾ ਬਾਰੇ ਜਾਣਕਾਰੀ ਦਿੱਤੀ। ਉਪਰੰਤ ਸਟੇਜ ਦੀ ਕਾਰਵਾਈ ਯੂਨੀਵਰਸਿਟੀ ਦੀ ਵਿਦਿਆਰਥਣ ਜਸਮੀਨ ਕੌਰ ਭਿੰਡਰ ਨੇ ਸੰਭਾਲ ਲਈ। ਉਨ੍ਹਾਂ ਸਭ ਨੂੰ ਜੀ ਆਇਆਂ ਕਹਿੰਦਿਆਂ ਸਟੇਜ ਤੇ ਵਾਰਡਜ਼ 3 ਅਤੇ 4 ਦੇ ਰੀਜਨਲ ਕੌਂਸਲਰ ਮਾਰਟਿਨ ਮਡੈਰਸ ਨੂੰ ਆਉਣ ਦਾ ਸੱਦਾ ਦਿੱਤਾ। ਮਾਰਟਿਨ ਨੇ ਇਸ ਮੌਕੇ ਕਿਹਾ ਕਿ ਸਾਨੂੰ ਕੌਂਸਲ ਵਿੱਚ ਹਰਪ੍ਰੀਤ ਸਿੰਘ ਹੰਸਰਾ ਵਰਗੇ ਅਗਾਂਹਵਧੂ ਸੋਚ ਵਾਲੇ ਕੌਂਸਲਰ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕੌਂਸਲ ਵਿੱਚ ਅਸੀਂ ਬਹੁਤ ਫੈਸਲੇ ਕਰਨੇ ਚਾਹੁੰਦੇ ਸੀ ਪਰ ਉਹ ਹੋ ਨਹੀਂ ਸਕੇ, ਇਸ ਲਈ ਸਾਨੂੰ ਕੌਂਸਲ ਵਿੱਚ ਸ. ਹੰਸਰਾ ਦੀ ਲੋੜ ਹੈ।
ਬਰੈਂਪਟਨ ਦੀ ਮੇਅਰ ਲਿੰਡਾ ਜਿਫਰੀ ਨੇ ਇਸ ਮੌਕੇ ਆਪਣੀ ਰੁਝੇਵਿਆਂ ਭਰੀ ਮੁਹਿੰਮ ‘ਚੋਂ ਵਕਤ ਕੱਢ ਕੇ ਇਥੇ ਸ਼ਮੂਲੀਅਤ ਕੀਤੀ। ਮੇਅਰ ਜਿਫਰੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਚਾਰ ਸਾਲ ਸਾਡੇ ਲਈ ਵੱਡੀ ਚੁਣੌਤੀ ਬਣੇ ਰਹੇ। ਹਰ ਉਸਾਰੂ ਕੰਮ ਕਰਨ ਲਈ ਸਾਨੂੰ ਬੇਵਜਾਹ ਵਿਰੋਧ ਸਹਿਣਾ ਪਿਆ। ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀ ਹਰਪ੍ਰੀਤ ਸਿੰਘ ਹੰਸਰਾ ਨੂੰ ਕੌਂਸਲ ਵਿੱਚ ਭੇਜੋ ਕਿਉਂਕਿ ਇਹ ਨੌਜੁਆਨ ਮੁਸ਼ਕਲਾਂ ਨੂੰ ਹੱਲ ਕਰਨ ਦੀ ਮੁਹਾਰਤ ਰੱਖਦਾ ਹੈ। ਮੇਅਰ ਜਿਫਰੀ ਨੇ ਕਿਹਾ ਕਿ ਹੰਸਰਾ ਪਰਿਵਾਰ ਕਮਿਊਨਟੀ ਦੇ ਹਰ ਕੰਮ ਵਿੱਚ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਕੰਮ ਕਰਦੇ ਹਨ। ਮੇਅਰ ਨੇ ਅਪੀਲ ਕੀਤੀ ਕਿ 22 ਅਕਤੂਬਰ ਨੂੰ ਹਰਪ੍ਰੀਤ ਹੰਸਰਾ ਨੂੰ ਵੋਟ ਦੇ ਕੇ ਕੌਂਸਲ ਵਿੱਚ ਭੇਜੋ।
ਉਨਟਾਰੀਓ ਦੇ ਸਾਬਕਾ ਹੈਲਥ ਮਨਿਸਟਰ ਅਤੇ ਸਾਬਕਾ ਡਿਪਟੀ ਪ੍ਰੀਮੀਅਰ ਜਾਰਜ ਸਮਿਦਰਮੈਨ ਨੇ ਕਿਹਾ ਕਿ ਮੈਂ ਹਰਪ੍ਰੀਤ ਲਈ ਟਰਾਂਟੋ ਸੈਂਟਰ ਤੋਂ ਸ਼ੁਭ ਕਾਮਨਾਵਾਂ ਲੈ ਕੇ ਆਇਆ ਹਾਂ। ਲੰਬਾ ਸਮਾਂ ਮੈਂ ਹਰਪ੍ਰੀਤ ਦਾ ਬੌਸ ਰਿਹਾ ਹਾਂ ਅਤੇ ਇਹ ਕਹਿ ਸਕਦਾ ਹੈ ਕਿ ਹਰਪ੍ਰੀਤ ਮੁੱਦਿਆਂ ਦਾ ਨਿਬੇੜਾ ਕਰਨ ਦੀ ਜੁਗਤ ਰੱਖਦਾ ਹੈ। ਸਮਿਦਰਮੈਨ ਨੇ ਕਿਹਾ ਕਿ ਹਰਪ੍ਰੀਤ ਇੱਕ ਚੋਟੀ ਦਾ ਰਾਜਨੀਤਕ ਬਣ ਕੇ ਉਭਰੇਗਾ।
ਪਿਛਲੀਆਂ ਦੋ ਚੋਣਾਂ ਵਿੱਚ ਇਸੇ ਸੀਟ ‘ਤੇ ਉਮੀਦਵਾਰ ਰਹਿ ਚੁੱਕੇ ਅਗਾਂਹਵਧੂ ਨੌਜੁਆਨ ਪਰਮਿੰਦਰ ਗਰੇਵਾਲ ਨੇ ਇਸ ਮੌਕੇ ਹਰਪ੍ਰੀਤ ਹੰਸਰਾ ਦਾ ਨਾਮ ਤਸਦੀਕ ਕਰਦਿਆਂ ਕਿਹਾ ਕਿ ਬਰੈਂਪਟਨ ਦੇ ਬਹੁਤ ਮੁੱਦੇ ਅਣਛੂਹੇ ਹੀ ਰਹੇ ਹਨ। ਸਭ ਤੋਂ ਵੱਡਾ ਮੁੱਦਾ ਆਵਾਜਾਈ ਦੀ ਭੀੜ ਦਾ ਹੈ। ਬਰੈਂਪਟਨ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਵਿੱਚ ਜਾਣ ਲਈ ਡੇਢ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਬਰੈਂਪਟਨ ਵਿੱਚ ਕਰਾਈਮ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਹੰਸਰਾ ਇਨ੍ਹਾਂ ਮੁੱਦਿਆਂ ਨਾਲ ਸਹੀ ਢੰਗ ਨਾਲ ਸਿੱਝ ਸਕਦਾ ਹੈ।
ਇਸ ਮੌਕੇ ਹਰਪ੍ਰੀਤ ਸਿੰਘ ਹੰਸਰਾ ਨੇ ਸਟੇਜ ‘ਤੇ ਆ ਕੇ ਸਭ ਦਾ ਧੰਨਵਾਦ ਕੀਤਾ। ਹਰਪ੍ਰੀਤ ਨੇ ਆਪਣੀ ਸਵਰਗੀ ਮਾਂ ਕਮਲਜੀਤ ਕੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮੈਨੂੰ ਛੋਟੀ ਉਮਰ ਵਿੱਚ ਗੁਰਦੁਆਰੇ ਲਿਜਾਂਦੀ ਸੀ, ਜੋ ਚਾਹੁੰਦੀ ਸੀ ਕਿ ਮੈਂ ਕਮਿਊਨਟੀ ਵਿੱਚ ਸ਼ਾਮਲ ਹੋ ਕੇ ਜਨਤਕ ਸੇਵਾ ਵਿੱਚ ਰੁਚੀ ਰੱਖਾਂ।
ਸ. ਹੰਸਰਾ ਨੇ ਕਿਹਾ ਕਿ ਪਿਛਲੀ ਕੌਂਸਲ ਗੁੱਟਬੰਦੀ ਦੀ ਭੇਟ ਚੜ੍ਹ ਕੇ ਕਾਰਜ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਥੇ ਕੌਂਸਲਰ ਦੋਸਤੀ ਨਿਭਾਉਂਦੇ ਰਹੇ, ਦੋਸਤਾਂ ਦੇ ਕਹਿਣ ਉਤੇ ਵੋਟਾਂ ਪਾ ਕੇ ਬਰੈਂਪਟਨ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹੇ। ਲਾਈਟ ਰੇਲ, ਜਿਸ ਨੂੰ ਸੂਬਾ ਸਰਕਾਰ ਨੇ ਪੂੰਜੀ ਖਰਚ ਕੇ ਬਰੈਂਪਟਨ ਵਿੱਚ ਲਿਆਉਣਾ ਸੀ, ਅਸੀਂ ਰੂਟ ਦਾ ਰੇੜਕਾ ਪਾ ਕੇ ਉਸ ਨੂੰ ਰੱਦ ਕਰ ਦਿੱਤਾ।
ਹਰਪ੍ਰੀਤ ਨੇ ਕਿਹਾ, ਕਿ ”ਮੈਂ ਦਰਵਾਜ਼ੇ ਖੜਕਾਉਂਦਾ ਹਾਂ ਤਾਂ ਲੋਕ ਆਪਣੇ ਕੌਂਸਲਰ ਦਾ ਨਾਮ ਤੱਕ ਨਹੀਂ ਜਾਣਦੇ ਪਰ ਮੈਂ ਤੁਹਾਡੇ ਦਰਵਾਜੇ ‘ਤੇ ਦਸਤਕ ਦੇਵਾਂਗਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਬਰੈਂਪਟਨ ਦੇ ਹੱਕ ਵਿੱਚ ਵੋਟ ਪਾਵਾਂਗਾ। ਮੈਂ ਦੂਸਰੇ ਕੌਂਸਲਰਾਂ ਨਾਲ ਦੋਸਤੀ ਪੁਗਾਉਣ ਲਈ ਬਰੈਂਪਟਨ ਦਾ ਭਵਿੱਖ ਦਾਅ ਤੇ ਨਹੀਂ ਲਾਵਾਂਗਾ।”
ਹੰਸਰਾ ਨੇ ਅਖੀਰ ਵਿੱਚ ਅਪੀਲ ਕੀਤੀ ਕਿ ਕੋਈ ਵੀ ਚੋਣ ਉਦੋਂ ਤਕ ਨਹੀਂ ਜਿੱਤੀ ਨਹੀਂ ਜਾ ਸਕਦੀ ਜਦ ਤੱਕ ਕਮਿਊਨਟੀ ਖੁਦ ਵਿਚ ਸ਼ਾਮਿਲ ਨਾ ਹੋਵੇ ਅਤੇ ਵਲੰਟੀਅਰ ਦਰਵਾਜ਼ੇ ਖੜਕਾਉਣ ਲਈ ਅੱਗੇ ਨਾ ਆਉਣ। ਸਾਨੂੰ ਮਾਲੀ ਮਦਦ ਦੀ ਵੀ ਲੋੜ ਹੈ ਕਿਉਂਕਿ ਮਿਊਂਸਪਲ ਚੋਣਾਂ ਵਿੱਚ ਕੋਈ ਪਾਰਟੀ ਜਾਂ ਧੜੇ ਦੀ ਹਮਾਇਤ ਨਹੀਂ ਹੁੰਦੀ। ਇਸ ਕਰਕੇ ਕਮਿਊਨਟੀ ਨੂੰ ਹੀ ਹੱਥ ਵਟਾਉਣਾ ਪੈਂਦਾ ਹੈ।
ਹਰਪ੍ਰੀਤ ਸਿੰਘ ਹੰਸਰਾ ਦੀ ਚੋਣ ਰੈਲੀ ਵਿੱਚ ਕਮਿਊਨਟੀ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਨੌਜੁਆਨ ਸਿਆਸਤਦਾਨ ਹਰਕੀਰਤ ਸਿੰਘ, ਕੌਂਸਲਰ ਪੈਟ ਫਰਟੀਨੀ, ਸਾਬਕਾ ਮੇਅਰ ਸੂਜਨ ਫੈਨਿਲ, ਵਿੱਕੀ ਢਿਲੋਂ, ਸਨਦੀਪ ਸਿੰਘ, ਐਮਪੀ ਰਾਮੇਸ਼ਵਰ ਸੰਘਾ ਨੇ ਵੀ ਸ਼ਮੂਲੀਅਤ ਕੀਤੀ। ਇਨ੍ਹਾਂ ਤੋਂ ਇਲਾਵਾ ਸਮੁੱਚੇ ਮੀਡੀਆ ਅਤੇ ਸਪੋਰਟਸ ਕਲੱਬਾਂ ਦੇ ਨੁਮਾਇੰਦਿਆਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ।