ਕੈਨੇਡਾ ਦੇ ਬਹੁ-ਚਰਚਿਤ ਸਿੱਖ ਆਗੂ ਜਗਮੀਤ ਸਿੰਘ ਵੱਲੋਂ ਜ਼ਿਮਨੀ ਚੋਣ ਲੜਨ ਦਾ ਐਲਾਨ

ਕੈਨੇਡਾ ਦੇ ਬਹੁ-ਚਰਚਿਤ ਸਿੱਖ ਆਗੂ ਜਗਮੀਤ ਸਿੰਘ ਵੱਲੋਂ ਜ਼ਿਮਨੀ ਚੋਣ ਲੜਨ ਦਾ ਐਲਾਨ

ਵੈਨਕੂਵਰ/ਬਿਊਰੋ ਨਿਊਜ਼ :
ਕੈਨੇਡਾ ਵਿਚ ਐੱਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਰਨਬੀ ਦੱਖਣੀ ਹਲਕੇ ਦੀ ਸੰਸਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਗੌਰਤਲਬ ਹੈ ਕਿ ਜਗਮੀਤ ਸਿੰਘ ਕੈਨੇਡਾ ਦੀਆਂ ਤਿੰਨ ਵੱਡੀਆਂ ਫੈਡਰਲ ਪਾਰਟੀਆਂ ‘ਚ ਸ਼ੁਮਾਰ ਐੱਨਡੀਪੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੈਨੇਡਾ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣਨ ਵੱਲ ਵਧਦੇ ਜਾ ਰਹੇ ਹਨ। ਇਹ ਸੀਟ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਕੈਨੇਡੀ ਸਟੂਅਰਟ ਵੱਲੋਂ ਵੈਨਕੂਵਰ ਮੇਅਰ ਦੀ ਚੋਣ ਵਿਚ ਉਮੀਦਵਾਰ ਹੋਣ ਕਾਰਨ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਸੀ।
ਸੂਤਰਾਂ ਮੁਤਾਬਕ ਪਿਛਲੇ ਸਾਲ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਜਗਮੀਤ ਸਿੰਘ ਕਿਸੇ ਸੁਰੱਖਿਅਤ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੇ ਚਾਹਵਾਨ ਸਨ। ਬਰਨਬੀ ਹਲਕੇ ਤੋਂ ਉਨ੍ਹਾਂ ਵੱਲੋਂ ਚੋਣ ਲੜਨ ਦੀਆਂ ਕਿਆਸ-ਅਰਾਈਆਂ ਪਹਿਲਾਂ ਹੀ ਲਾਈਆਂ ਜਾ ਰਹੀਆਂ ਸਨ। ਕੁਝ ਲੋਕਾਂ ਦਾ ਕਹਿਣਾ ਸੀ ਕਿ ਕੈਨੇਡੀ ਨੇ ਜਗਮੀਤ ਪ੍ਰਤੀ ਵਫਾਦਾਰੀ ਵਜੋਂ ਇਹ ਸੀਟ ਖਾਲੀ ਕੀਤੀ ਸੀ। ਖੁਦ ਨੂੰ ਉਮੀਦਵਾਰ ਐਲਾਨਣ ਮਗਰੋਂ ਉਨ੍ਹਾਂ ਕਿਹਾ ਕਿ ਲੋਕਾਂ ਲਈ ਰਿਹਾਇਸ਼ ਅਤੇ ਚੰਗੀਆਂ ਸਿਹਤ ਸਹੂਲਤਾਂ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਉੱਤੇ ਸਭ ਤੋਂ ਉਪਰ ਹਨ ਅਤੇ ਲੋਕਾਂ ਦੀ ਆਵਾਜ਼ ਚੁੱਕਣ ਲਈ ਉਨ੍ਹਾਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।