ਸਿੱਖ ਅਟਾਰਨੀ ਜਨਰਲ ਦੀ ਦਸਤਾਰ ਬਾਰੇ ਬੇਥਵੀ ਟਿੱਪਣੀ ਕਰਨ ਵਾਲੇ ਰੇਡੀਓ ਕਰਮੀ ਮੁਅੱਤਲ

ਸਿੱਖ ਅਟਾਰਨੀ ਜਨਰਲ ਦੀ ਦਸਤਾਰ ਬਾਰੇ ਬੇਥਵੀ ਟਿੱਪਣੀ ਕਰਨ ਵਾਲੇ ਰੇਡੀਓ ਕਰਮੀ ਮੁਅੱਤਲ

ਨਿਊਯਾਰਕ/ਬਿਊਰੋ ਨਿਊਜ਼ :

ਅਮਰੀਕਾ ਦੇ ਪਹਿਲੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ‘ਟਰਬਨਮੈਨ’ ਕਹਿਣ ਵਾਲੇ ਦੋ ਰੇਡੀਓ ਪੇਸ਼ਕਾਰਾਂ ਨੂੰ ‘ਅਪਮਾਨਜਨਕ ਅਤੇ ਬੇਥਵੀ’ ਭਾਸ਼ਾ ਦੀ ਵਰਤੋਂ ਕਰਨ ਲਈ 10 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਰੇਡੀਓ ਸਟੇਸ਼ਨ ਨੇ ਐਲਾਨ ਕੀਤਾ ਕਿ ਉਸ ਨੇ 10 ਦਿਨ ਲਈ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਛੇ ਅਗਸਤ ਤਕ ਉਹ ਪ੍ਰੋਗਰਾਮ ਪੇਸ਼ ਨਹੀਂ ਕਰਨਗੇ। ਐਨਏ 101.5 ਐਫ਼ਐਮ ‘ਤੇ ‘ਡੈਨਿਸ ਐਂਡ ਜੂਡੀ ਸ਼ੋਅ’ ਪੇਸ਼ ਕਰਨ ਵਾਲੇ ਡੈਨਿਸ ਮੈਲੋਏ ਅਤੇ ਜੁਡੀ ਫਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ ‘ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦੇ ਹੋਏ ਉਨ੍ਹਾਂ ਨੂੰ ‘ਟਰਬਨਮੈਨ’ ਵਜੋਂ ਸੰਬੋਧਨ ਕੀਤਾ ਸੀ। ਇਸ ਪ੍ਰੋਗਰਾਮ ਦੀ ਆਡੀਓ ਵਾਇਰਲ ਹੋਣ ‘ਤੇ ਰੇਡੀਓ ਪ੍ਰਬੰਧਕਾਂ ਨੂੰ ਸਾਰੇ ਪਾਸਿਉਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਇਸੇ ਦੌਰਾਨ ਦੋਵੇਂ ਪੇਸ਼ਕਾਰਾਂ ਨੇ ਆਪਣੀਆਂ ਨਸਲੀ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ। ਮੈਲੋਏ ਨੇ ਇਕ ਵੀਡੀਓ ਸੰਦੇਸ਼ ਵਿਚ ਆਪਣੇ ਅਤੇ ਫਰੈਂਕੋ ਵੱਲੋਂ ਮੁਆਫ਼ੀ ਮੰਗੀ ਹੈ। ਉਸ ਨੇ ਕਿਹਾ, ”ਜੂਡੀ ਅਤੇ ਮੇਰੇ ਵੱਲੋਂ ਮੈਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਟਿੱਪਣੀਆਂ ਲਈ ਨਿਊ ਜਰਸੀ ਦੇ ਅਟਾਰਨੀ ਜਨਰਲ ਤੋਂ ਮੁਆਫ਼ੀ ਮੰਗਦਾ ਹਾਂ।” ਉਨ੍ਹਾਂ ਕਿਹਾ ਕਿ ਜ਼ਾਹਿਰ ਹੈ ਕਿ ਉਹ ਜ਼ਿਆਦਾ ਸਨਮਾਨ ਦੇ ਹੱਕਦਾਰ ਹਨ।