ਜੀਤ ਜਗਜੀਤ ਨੇ ਫਰਿਜ਼ਨੋ ‘ਚ ਸਭਿਆਚਾਰਕ ਗੀਤਾਂ ਦੀ ਲਾਈ ਝੜੀ

ਜੀਤ ਜਗਜੀਤ ਨੇ ਫਰਿਜ਼ਨੋ ‘ਚ ਸਭਿਆਚਾਰਕ ਗੀਤਾਂ ਦੀ ਲਾਈ ਝੜੀ

ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਲੋਕ ਗਾਇਕ ਜੀਤ ਜਗਜੀਤ ਨੇ ਇਥੋਂ ਦੇ ਸੈਂਟਰਲ ਹਾਈ ਸਕੂਲ ਦੇ ਈਸਟ ਕੈਂਪਸ ਵਿਚ ਸਭਿਆਚਾਰਕ ਅਤੇ ਮਿਆਰੀ ਗੀਤਾਂ ਦੀ ਝੜੀ ਲਾਈ। ਜ਼ਿਕਰਯੋਗ ਹੈ ਕਿ ਉਹ ਇਨ੍ਹੀਂ ਦਿਨੀਂ ਪੰਜਾਬੀ ਫੋਕ ਲੋਰ ਦੇ ਬੈਨਰ  ਹੇਠ ਸ਼ੋਅ ਕਰਨ ਲਈ ਅਮਰੀਕਾ ਦੀ ਧਰਤੀ ‘ਤੇ ਪਹੁੰਚੇ ਹੋਏ ਹਨ। ਇਸੇ ਕੜੀ ਤਹਿਤ ਉਨ੍ਹਾਂ ਫਰਿਜ਼ਨੋ ਵਿਚ ਆਪਣਾ ਦੂਸਰਾ ਸ਼ੋਅ ਪੇਸ਼ ਕੀਤਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਜੀਤ ਜਗਜੀਤ ਦੀ ਮਿਆਰੀ ਗਾਇਕੀ ਦਾ ਅਨੰਦ ਮਾਣਿਆ। ਇਹ ਪ੍ਰੋਗਰਾਮ ਤਕਰੀਬਨ ਤਿੰਨ ਘੰਟੇ ਚੱਲਿਆ। ਸ਼ੋਰ ਸ਼ਰਾਬੇ ਵਾਲੇ ਸੰਗੀਤ ਤੋਂ ਹੱਟ ਕੇ ਅਲੋਪ ਹੋ ਰਹੇ ਰਵਾਇਤੀ ਸਾਜ ਢੱਡ-ਸਾਰੰਗੀ ਦੀ ਜੁਗਲਬੰਦੀ ਨੇ ਸਰੋਤਿਆਂ ਨੂੰ ਕੀਲੀ ਰੱਖਿਆ। ਸਾਫ਼ ਸੁਥਰੀ ਸ਼ਾਇਰੀ ਅਤੇ ਸਭਿਆਚਾਰਕ ਗਾਇਕੀ ਦਾ ਲੋਕਾਂ ਨੇ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ। ਇਸ ਮੌਕੇ ਬਹੁਤ ਸਾਰੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਜਾਬੀ ਸੰਗੀਤ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਵਾਲੇ ਪਾਲ ਮਾਹਿਲ ਖਾਸ ਤੌਰ ‘ਤੇ ਕੈਨੇਡਾ ਤੋਂ ਇਸ ਸ਼ੋਅ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਸਟੇਜ ਸੰਚਾਲਨ ਰੇਡੀਓ ਹੋਸਟ ਗੁਰਪ੍ਰੀਤ ਧਾਲੀਵਾਲ ਨੇ ਬਾਖੂਬੀ ਕੀਤਾ। ਇਸ ਸ਼ੋਅ ਦੇ ਯਾਦਗਾਰੀ ਪਲਾਂ ਨੂੰ ਮੋਗਾ ਵੀਡੀਓ ਡਾਟ ਕਾਮ ਨੇ ਕੈਮਰਾਬੱਧ ਕੀਤਾ।