ਸੈਨ ਹੋਜ਼ੇ ਦੇ ਘਰ ‘ਚ ਹਿੰਸਕ ਵਾਰਦਾਤ, ਨਰਾਇਣ ਪ੍ਰਭੂ ਅਤੇ ਪਤਨੀ ਦੀ ਹਤਿਆ

ਸੈਨ ਹੋਜ਼ੇ ਦੇ ਘਰ ‘ਚ ਹਿੰਸਕ ਵਾਰਦਾਤ, ਨਰਾਇਣ ਪ੍ਰਭੂ ਅਤੇ ਪਤਨੀ ਦੀ ਹਤਿਆ

ਨੌਜਵਾਨ ਕਾਤਲ ਮਿਰਜ਼ਾ ਤਾਤਲਿਕ ਨੂੰ ਪੁਲੀਸ ਨੇ ਮਾਰ ਮੁਕਾਇਆ
ਸੈਨ ਹੋਜੇ/ਬਿਊਰੋ ਨਿਊਜ਼:
ਭਾਰਤੀ ਮੂਲ ਦੇ ਨਰਾਇਣ ਪ੍ਰਭੂ ਅਤੇ ਉਸਦੀ ਪਤਨੀ ਦੀ ਬੁੱਧਵਾਰ ਰਾਤੀਂ ਇੱਥੇ ਉਨ੍ਹਾਂ ਦੇ ਲੌਰਾ ਵਿਲ ਲੇਨ ਸਥਿੱਤ ਘਰ ਵਿੱਚ ਮਿਰਜ਼ਾ ਤਾਤਲਿਕ ਨਾਮੀ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਪੁਲੀਸ ਨੇ ਬਾਅਦ ਵਿੱਚ ਹਥਿਆਰਬੰਦ ਕਾਤਲ ਨੂੰ ਵਾਰਦਾਤ ਵਾਲੇ ਘਰ ਵਿੱਚ ਹੀ ਗੋਲੀਆਂ ਨਾਲ ਮਾਰ ਮੁਕਾਇਆ।
ਪ੍ਰਭੂ ਨਰਾਇਣ ਪ੍ਰਭੂ ਭਾਰਤੀ ਭਾਈਚਾਰੇ ਵਿੱਚ ਕਾਫ਼ੀ ਸਤਿਕਾਰਤ ਥਾਂ ਰੱਖਦਾ ਤੇ ਜੂਨੀਅਰ ਨੈੱਟਰਕ ਕੰਪਨੀ ‘ਚ ਵਾਈਸ ਪ੍ਰੈਜੀਡੈਂਟ ਦੇ ਅਹੁਦੇ ਉੱਤੇ ਕੰਮ ਕਰਦਾ ਸੀ। ਪੁਲੀਸ ਨੂੰ ਵਾਰਦਾਤ ਦੀ ਖ਼ਬਰ ਮ੍ਰਿਤਕ ਜੋੜੇ ਦੇ ਪੁੱਤਰ ਨੇ ਟੈਲੀਫੋਨ ਕਰਕੇ ਦਿੱਤੀ ਤੇ ਕਿਹਾ ਕਿ ਹਮਲਾਵਰ ਨੇ ਉਸਦੇ ਉਸਦੀ ਮਾਂ ਅਤੇ ਛੋਟੇ ਭਰਾ ਨੂੰ ਬੰਦੂਕ ਦੀ ਨੋਕ ਉੱਤੇ ਘਰ ਅੰਦਰ ਬੰਦ ਰਖਿਆ ਹੋਇਆ ਹੈ।
ਪੁਲੀਸ ਨੇ ਮੌਕੇ ਉੱਤੇ ਪੁੱਜ ਕੇ ਹਮਲਾਵਰ ਨੂੰ ਗੱਲਬਾਤ ਰਾਹੀਂ ਕਾਬੂ ਕਰਨ ਦਾ ਯਤਨ ਕੀਤਾ। ਉਸਨੇ 13 ਸਾਲਾ ਮੁੰਡੇ ਨੂੰ ਅਪਣੇ ਕਬਜ਼ੇ ਵਿਚੋਂ ਛੱਡ ਦਿੱਤਾ ਪਰ ਆਪ ਅੰਦਰ ਲੁਕਿਆ ਰਿਹਾ। ਪੁਲੀਸ ਯਤਨ ਕਰਦੀ ਰਹੀ ਪਰ ਉਸਨੇ ਅੰਦਰੋਂ ਠੀਕ ਹੁੰਗਰਾ ਦੇਣ ਦੀ ਥਾਂ ਉਲਟਾ ਪੁਲੀਸ ਵਲ ਹਥਿਆਰ ਤਾਣਿਆ। ਕੋਈ ਚਾਰਾ ਚਲਦਾ ਨਾ ਵੇਖ ਪੁਲੀਸ ਨੇ ਗੋਲੀ ਚਲਾਈ ਜਿਸ ਨਾਲ ਕਾਤਲ ਦੀ ਮੌਤ ਹੋ ਗਈ। 24 ਸਾਲਾ ਉਮਰ ਦਾ ਕਾਤਲ ਬੇਰੁਜ਼ਗਾਰ ਅਤੇ ਅਵਾਰਾ ਕਿਸਮ ਦਾ ਦਸਿਆ ਜਾਂਦਾ ਹੈ।
ਸੈਨ ਹੋਜ਼ੇ ਪੁਲਸਿ ਦੇ ਮੁਖੀ ਐਡੀ ਗਾਰਸ਼ੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਕਾਤਲ ਦੇ ਮ੍ਰਿਤਕ ਪਤੀ ਪਤਨੀ ਦੀ ਵੱਡੀ ਧੀ ਰਾਸ਼ੇਲ ਪ੍ਰਭੂ ਨਾਲ ਪਿਆਰ ਸਬੰਧ ਸਨ ਪਰ ਸਾਲ ਪਹਿਲਾਂ ਦੋਵਾਂ ਦੀ ਦੋਸਤੀ ਟੁੱਟ ਗਈ ਸੀ। ਰਾਸ਼ੇਲ ਇਨ੍ਹੀਂ ਦਿਨ੍ਹੀਂ ਕਿਸੇ ਹੋਰ ਸਟੇਟ ਵਿੱਚ ਪੜ੍ਹਾਈ ਕਰ ਰਹੀ ਸੀ।