ਭਾਰਤੀ ਵਿਦਿਆਰਥੀ ਮਾਮੀਡਾਲਾ ਦੇ ਕਤਲ ਦੇ ਮਾਮਲੇ ਵਿਚ ਇਕ ਗ੍ਰਿਫਤਾਰ

ਭਾਰਤੀ ਵਿਦਿਆਰਥੀ ਮਾਮੀਡਾਲਾ ਦੇ ਕਤਲ ਦੇ ਮਾਮਲੇ ਵਿਚ ਇਕ ਗ੍ਰਿਫਤਾਰ

ਫਰੀਮੌਂਟ/ਹੁਸਨ ਲੜੋਆ ਬੰਗਾ  :
ਮਿਲਪੀਟਸ ਦੇ ਨੇੜੇ ਇਕ ਅਪਾਰਟਮੈਂਟ ਵਿਚ ਭਾਰਤੀ ਮੂਲ ਦੇ ਤੇਲੰਗਾਨਾ ਵਾਸੀ ਵਿਦਿਆਰਥੀ ਵਾਮਸ਼ੀ ਰੈਡੀ ਮਾਮੀਡਾਲਾ ਦੀ ਕਤਲ ਦੇ ਮਾਮਲੇ ਵਿਚ ਫਰੀਮੌਂਟ ਕੈਲੀਫੋਰਨੀਆ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 30 ਸਾਲਾ ਸੁਅਰਟ ਇਸੋਨ ਨਾਂਅ ਦੇ ਇਕ ਵਿਅਕਤੀ ਨੂੰ ਕਤਲ , ਚੋਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਖ਼ਿਲਾਫ਼ ਪੈਰੋਲ ਦੀ ਉਲੰਘਣਾ ਦੇ ਇਕ ਮਾਮਲੇ ਵਿਚ ਪਹਿਲਾਂ ਵੀ ਵਰੰਟ ਜਾਰੀ ਹੋ ਚੁੱਕੇ ਹਨ। ਮਾਮਲੇ ਦਾ ਖੁਲਾਸਾ ਕਰਦਿਆਂ ਮਿਲਪੀਟਸ ਪੁਲੀਸ ਵਿਭਾਗ ਦੇ ਲੈਂਫ. ਰਾਜ ਮਹਾਰਾਜ ਨੇ ਦੱਸਿਆ ਕਿ ਸਟੁਅਰਟ ਦੇ ਆਪਣੀ ਕਾਰ ਮਿਲਪੀਟਸ ਵਿਚ ਹਾਦਸਾਗ੍ਰਸਤ ਕਰ ਲਈ ਸੀ ਜਿਥੇ ਉਹ ਕਾਰ ਵਿਚੋਂ ਦੋ ਹਥਿਆਰਾਂ ਸਮੇਤ ਬਾਹਰ ਆਇਆ ਤੇ ਸਭ ਤੋਂ ਪਹਿਲਾਂ ਉਸ ਦਾ ਸਾਹਮਣਾ ਇਕ ਔਰਤ ਨਾਲ ਹੋਇਆ ਜਿਸ ਤੋਂ ਉਸ ਨੇ ਕਾਰ ਦੀਆਂ ਚਾਬੀਆਂ ਮੰਗੀਆਂ। ਉਕਤ ਔਰਤ ਨੇ ਸਟੁਅਰਟ ਨੂੰ ਕਾਰ ਦੀ ਚਾਬੀ ਦੇ ਦਿੱਤੀ ਤੇ ੱਦਸਿਆ ਕਿ ਕਾਰ ਅਪਾਰਟਮੈਂਟ ਦੀ ਪਾਰਕਿੰਗ ਵਿਚ ਖੜ੍ਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜਾਂਚ ਜਾਰੀ ਹੋਣ ਕਾਰਨ ਉਹ ਨਹੀਂ ਦਸ ਸਕਦੇ ਕਿ ਦੋਸ਼ੀ ਕਿਵੇਂ ਮਾਮੀਡਾਲਾ ਨੂੰ ਮਿਲਿਆ ਜੋ ਕਿ ਉਸੇ ਅਪਾਰਟਮੈਂਟ ਕੰਪਲੈਕਸ ਵਿਚ ਰਹਿ ਰਿਹਾ ਸੀ। ਦੋਸ਼ੀ ਨੇ ਇਥੇ ਹੀ ਮਾਮੀਡਾਲਾ ਨੂੰ ਗੋਲੀ ਮਾਰੀ ਤੇ ਉਸੇ ਦੀ ਕਾਰ ਲੈ ਕੇ ਭੱਜ ਗਿਆ ਜਿਸ ਨੂੰ ਪੁਲੀਸ ਨੂੰ 20 ਮਿੰਟ ਬਾਅਦ ਹੀ ਗ੍ਰਿਫਤਾਰ ਕਰ ਲਿਆ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਉਨ੍ਹਾਂ ਨੇ ਮੀਡੀਆ ਦੀਆਂ ਨਸਲੀ ਹਮਲੇ ਦੀਆਂ ਖਬਰਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਤੱਕ ਨਹੀਂ ਸੀ ਤੇ ਇਹ ਇਤਫਾਕੀਆ ਕਤਲ ਹੈ ਕਿਉਂਕਿ ਮ੍ਰਿਤਕ ਗਲਤ ਸਮੇਂ ‘ਤੇ ਗਲਤ ਥਾਂ ‘ਤੇ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮਾਮੀਡਾਲਾ ਜਦੋਂ ਪਾਰਕਿੰਗ ਵਿਚ ਆਪਣੀ ਕਾਰ ਵਿਚ ਦਾਖਲ ਹੋਇਆ ਤਾਂ ਉਸੇ ਵੇਲੇ ਦੋਸ਼ੀ ਇਕ ਹੋਰ ਚੋਰੀ ਦੀ ਕਾਰ ਵਿਚ ਸਵਾਰ ਸੀ। ਉਸ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਸ ਨੇ ਮਾਮੀਡਾਲਾ ਦੀ ਕਾਰ ਵਿਚ ਕਾਰ ਮਾਰੀ। ਫਿਰ ਉਸ ਨੇ ਮਾਮੀਡਾਲਾ ਨੂੰ ਗੋਲੀ ਮਾਰੀ ਤੇ ਉਸ ਦਾ ਬਟੂਆ, ਸੈੱਲ ਫੋਨ ਤੇ ਕਾਰ ਦੀਆਂ ਚਾਬੀਆਂ ਲੈ ਕੇ ਉਸ ਦੇ ਭਰਾ ਦੀ ਕਾਰ ਲੈ ਕੇ ਫਰਾਰ ਹੋ ਗਿਆ। ਦੁੱਖ ਦੀ ਇਸ ਘੜੀ ਵਿਚ ਸ਼ਰੀਕ ਹੁੰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਹੈ ਤੇ ਮਾਮੀਡਾਲਾ ਦੀ ਲਾਸ਼ ਭਾਰਤ ਲਿਆਉਣ ਵਿਚ ਹਰ ਸੰਭਵ ਮਦਦ ਕੀਤੀ।