ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਦੋ ਮਹੀਨਿਆਂ ਤਕ ਦਿੱਤਾ ਜਾ ਸਕਦੈ ਠੇਕਾ

ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਦੋ ਮਹੀਨਿਆਂ ਤਕ ਦਿੱਤਾ ਜਾ ਸਕਦੈ ਠੇਕਾ

ਸੈਨ ਡਿਆਗੋ/ਬਿਊਰੋ ਨਿਊਜ਼ :
ਅਮਰੀਕਾ ਦੀ ਕਸਟਮਜ਼ ਤੇ ਸੀਮਾ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਉਸ ਨੇ ਮੈਕਸੀਕੋ ਨਾਲ ਲੱਗਣ ਵਾਲੀ ਸਰਹੱਦ ‘ਤੇ ਤਜਵੀਜ਼ਸ਼ੁਦਾ ਕੰਧ ਦੇ ਨਿਰਮਾਣ ਲਈ ਅਪ੍ਰੈਲ ਦੇ ਅੱਧ ਤੱਕ ਠੇਕੇ ਦੇਣਾ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ। ਅਜਿਹਾ ਕਹਿ ਕੇ ਏਜੰਸੀ ਨੇ ਸੰਕੇਤ ਦਿੱਤਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੋ ਹਜ਼ਾਰ ਮੀਲ ਲੰਬੀ ਸਰਹੱਦ ਉਤੇ ‘ਵੱਡੀ ਕੰਧ’ ਬਣਾਉਣ ਦੀ ਯੋਜਨਾ ਉਤੇ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ।
ਗਣਰਾਜੀ ਠੇਕੇਦਾਰਾਂ ਦੀ ਵੈੱਬਸਾਈਟ ਅਨੁਸਾਰ ਏਜੰਸੀ ਨੇ ਕਿਹਾ ਕਿ ਉਹ ਕੰਪਨੀਆਂ ਤੋਂ ਛੇ ਮਾਰਚ ਦੇ ਨੇੜੇ-ਤੇੜੇ ਟੈਂਡਰ ਮੰਗਵਾਏਗੀ ਅਤੇ ਉਨ੍ਹਾਂ ਨੂੰ ਅਪੀਲ ਕਰੇਗੀ ਕਿ ਉਹ 10 ਮਾਰਚ ਤੱਕ ਤਜਵੀਜ਼ਸ਼ੁਦਾ ਕੰਧ ਦੇ ਡਿਜ਼ਾਈਨ ਤੇ ਮਾਡਲ ਨਾਲ ਜੁੜੇ ਦਸਤਾਵੇਜ਼ ਜਮ੍ਹਾਂ ਕਰਵਾ ਦੇਣ। ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਕੰਜ਼ਰਵੇਟਿਵ ਪਾਲਿਟੀਸ਼ੀਅਨ ਐਕਸ਼ਨ ਕਾਨਫਰੰਸ ਵਿੱਚ ਕਿਹਾ ਸੀ ਕਿ ਕੰਧ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇਹ ਨਿਰਧਾਰਤ ਸਮੇਂ ਤੋਂ ਬਹੁਤ ਪਹਿਲਾਂ ਹੋਵੇਗਾ। ਏਜੰਸੀ ਨੇ ਇਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਵੇਰਵਾ ਨਹੀਂ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਕੰਧ ਦੇ ਨਿਰਮਾਣ ਦੀ ਸ਼ੁਰੂਆਤ ਕਿਸ ਜਗ੍ਹਾ ਹੋਵੇਗੀ ਅਤੇ ਇਸ ਤਹਿਤ ਸ਼ਰੂਆਤ ਵਿੱਚ ਕਿੰਨੇ ਮੀਲ ਦੀ ਦੂਰੀ ਨੂੰ ਘੇਰੇ ਵਿੱਚ ਲਿਆ ਜਾਵੇਗਾ। ਗ੍ਰਹਿ ਸੁਰੱਖਿਆ ਮੰਤਰੀ ਜੌਨ ਕੇਲੀ ਨੇ ਕੈਲੀਫੋਰਨੀਆ, ਐਰੀਜ਼ੋਨਾ ਤੇ ਟੈਕਸਸ ਦੀ ਸਰਹੱਦੀ ਯਾਤਰਾ ਦੌਰਾਨ ਇਸ ਸਬੰਧੀ ਕਰਮਚਾਰੀਆਂ ਤੋਂ ਸਲਾਹ ਮੰਗੀ ਹੈ।