ਆਵਾਸ ਬਾਰੇ ਨਵੇਂ ਹੁਕਮ ਛੇਤੀ ਜਾਰੀ ਕਰਨਗੇ ਟਰੰਪ

ਆਵਾਸ ਬਾਰੇ ਨਵੇਂ ਹੁਕਮ ਛੇਤੀ ਜਾਰੀ ਕਰਨਗੇ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਗਲੇ ਹਫ਼ਤੇ ਆਵਾਸ ਬਾਰੇ ਨਵੇਂ ਕਾਰਜਕਾਰੀ ਹੁਕਮ ਜਾਰੀ ਕਰਨ ਦਾ ਅਹਿਦ ਲਿਆ ਹੈ। ਇਹ ਹੁਕਮ ਅਦਾਲਤ ਦੇ ਫ਼ੈਸਲੇ ਨੂੰ ਧਿਆਨ ਵਿੱਚ ਰੱਖ ਕੇ ‘ਤਿਆਰ’ ਕੀਤੇ ਗਏ ਹਨ। ਵ੍ਹਾਈਟ ਹਾਊਸ ਵਿੱਚ ਕਾਹਲੀ ਵਿੱਚ ਬੁਲਾਈ ਨਿਊਜ਼ ਕਾਨਫਰੰਸ ਦੌਰਾਨ ਟਰੰਪ ਨੇ 9ਵੀਂ ਸਰਕਟ ਕੋਰਟ ਆਫ ਅਪੀਲਜ਼ ਦੇ ਹੁਕਮ, ਜਿਸ ਨੇ ਸੱਤ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਰੋਕ ਲਾਉਣ ਵਾਲੇ ਕਾਰਜਕਾਰੀ ਹੁਕਮ ਡੱਕ ਲਏ ਸਨ, ਦਾ ਜ਼ਿਕਰ ਕਰਦਿਆਂ ਕਿਹਾ, ‘ਨਵੇਂ ਹੁਕਮ ਵਿਚ ਬਹੁਤ ਕੁੱਝ ਤਬਦੀਲ ਕੀਤਾ ਜਾ ਰਿਹਾ ਹੈ।’
ਇਰਾਨ, ਇਰਾਕ, ਸੂਡਾਨ, ਲਿਬੀਆ, ਸੋਮਾਲੀਆ ਤੇ ਯਮਨ ਦੇ ਨਾਗਰਿਕਾਂ ‘ਤੇ 90 ਦਿਨਾਂ, ਸ਼ਰਨਾਰਥੀਆਂ ‘ਤੇ 120 ਦਿਨਾਂ ਤੇ ਸੀਰੀਅਨ ਸ਼ਰਨਾਰਥੀਆਂ ‘ਤੇ ਅਣਮਿਥੇ ਸਮੇਂ ਲਈ ਰੋਕ ਲਾਉਣ ਵਾਲੇ ਕਾਰਜਕਾਰੀ ਹੁਕਮਾਂ ‘ਤੇ ਸੰਘੀ ਜੱਜ ਵੱਲੋਂ ਲਾਈ ਆਰਜ਼ੀ ਰੋਕ ਨੂੰ ਅਪੀਲੀ ਅਦਾਲਤ ਨੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਕਿਹਾ, ‘ਮੁਲਕ ਦੇ ਸਭ ਤੋਂ ਵੱਧ ਕਾਬਲ ਵਕੀਲਾਂ ਵਿਚੋਂ ਕੁੱਝ ਸਾਡੇ ਕੋਲ ਹਨ, ਜੋ ਨਵੇਂ ਕਾਰਜਕਾਰੀ ਹੁਕਮ ਤਿਆਰ ਕਰ ਰਹੇ ਹਨ। ਇਸ ਨੂੰ ਅਦਾਲਤ ਦੇ ਹੁਕਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ।’ ਉਨ੍ਹਾਂ ਨੇ ਨਵੇਂ ਹੁਕਮ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।
ਟੈਕਸਸ ਨੇ ਕੀਤੀ ਟਰੰਪ ਦੀ ਹਮਾਇਤ :
ਹਿਊਸਟਨ: ਮੁਸਲਿਮ ਬਹੁ-ਗਿਣਤੀ ਵਾਲੇ ਸੱਤ ਮੁਲਕਾਂ ਦੇ ਨਾਗਰਿਕਾਂ ਦੀ ਅਮਰੀਕਾ ਯਾਤਰਾ ‘ਤੇ ਰੋਕ ਲਾਉਣ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਰੀ ਹੁਕਮਾਂ ਦੀ ਹਮਾਇਤ ਕਰਨ ਵਾਲਾ ਟੈਕਸਸ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ। ਟੈਕਸਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਅਮਰੀਕੀ ਨਿਆਂ ਵਿਭਾਗ ਦੇ ਸਮਰਥਨ ਵਿਚ ਅਮਰੀਕੀ ਸਰਕਟ ਕੋਰਟ ਆਫ ਅਪੀਲਜ਼ ਨੂੰ ਕਾਨੂੰਨੀ ਦਸਤਾਵੇਜ਼ ਸੌਂਪਿਆ। ਪੈਕਸਟਨ ਨੇ ਕਿਹਾ, ‘ਕਾਨੂੰਨ ਇਹ ਬਿਲਕੁਲ ਸਪਸ਼ਟ ਕਰਦਾ ਹੈ ਕਿ ਰਾਸ਼ਟਰਪਤੀ ਕੋਲ ਅਮਰੀਕਾ ਵਾਸੀਆਂ ਅਤੇ ਦੇਸ਼ ਦੀਆਂ ਸੰਸਥਾਵਾਂ ਦੀ ਰੱਖਿਆ ਕਰਨ ਦੀਆਂ ਸ਼ਕਤੀਆਂ ਹਨ। ਇਹ ਵੀ ਸਪਸ਼ਟ ਕਰਦਾ ਹੈ ਕਿ ਕਿਸ ਨੂੰ ਇਸ ਮੁਲਕ ਵਿੱਚ ਆਉਣਾ ਚਾਹੀਦਾ ਹੈ। ਇਹ ਕਾਰਜਕਾਰੀ ਹੁਕਮ ਇਕ ਧਰਮ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਬਲਕਿ ਕੁੱਝ ਦੇਸ਼ਾਂ ਪ੍ਰਤੀ ਸੇਧਿਤ ਹੈ।’